ਸੋਚਣ ਢੰਗ ਵਿਗਿਆਨਿਕ ਬਨਾਉਣਾ ਸੁਸਾਇਟੀ ਦਾ ਮੁੱਖ ਉਦੇਸ਼: ਗੁਰਮੀਤ ਖਰੜ

ਖਰੜ, 14 ਮਈ (ਕੁਲਵਿੰਦਰ ਨਗਾਰੀ): ਤਰਕਸ਼ੀਲ ਜ਼ੋਨ ਚੰਡੀਗੜ੍ਹ ਦੀ ਮੀਟਿੰਗ ਜਥੇਬੰਦਕ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਦੀ ਪ੍ਰਧਾਨਗੀ ਹੇਠ ਹੋਈ. ਮੀਟਿੰਗ ਦੀ ਸ਼ੁਰੂਆਤ ਵਿੱਚ ਵੱਖ-ਵੱਖ ਇਕਾਈਆਂ ਦੇ ਨੁਮਾਇੰਦਿਆਂ ਨੂੰ ਤਰਕਸ਼ੀਲ ਸੁਸਾਇਟੀ ਦਾ ਸੋਧਿਆ ਹੋਇਆ 'ਸੰਵਿਧਾਨ ਅਤੇ ਐਲਾਨ-ਨਾਮਾ' ਵੰਡਿਆ

ਗਿਆ. ਇਸ ਮੀਟਿੰਗ ਮੌਕੇ ਵਿਸ਼ੇਸ ਤੌਰ ਉੱਤੇ ਪੁੱਜੇ ਸੂਬਾ ਕਮੇਟੀ ਆਗੂ ਸ੍ਰੀ ਅਜੀਤ ਪ੍ਰਦੇਸੀ ਨੇ ਤਰਕਸ਼ੀਲ ਕਾਮਿਆਂ ਨੂੰ ਐਲਾਨ-ਨਾਮੇ ਬਾਰੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਲੁਟੇਰੀ ਜਮਾਤ ਵੱਲੋਂ ਫੈਲਾਏ ਅੰਧਵਿਸ਼ਵਾਸਾਂ ਨੂੰ ਵਿਗਿਆਨਿਕ ਵਿਚਾਰਧਾਰਾ ਦੀ ਰੌਸ਼ਨੀ ਨਾਲ਼ ਖਤਮ ਕਰਨ ਦੇ ਲਈ ਯਤਨਸ਼ੀਲ ਹੈ. ਉਨਾਂ ਦੱਸਿਆ ਕਿ ਸੁਸਾਇਟੀ ਆਪਣੇ ਐਲਾਨਨਾਮੇ ਅਨੁਸਾਰ ਅੱਜ ਦੀਆਂ ਜਿਊਣ ਹਾਲਤਾਂ ਨੂੰ ਰੱਦ ਕਰਦੀ ਹੈ ਜਿੱਥੇ ਲੋਕ ਅੰਧ ਵਿਸ਼ਵਾਸਾਂ, ਜਾਦੂ-ਟੂਣਿਆਂ, ਜੋਤਿਸ਼, ਵਹਿਮਾਂ-ਭਰਮਾਂ ਵਿੱਚ ਘਿਰੇ ਹੋਏ ਹਨ. ਮਿਹਨਤਕਸ਼ ਲੋਕਾਂ ਦੀਆਂ ਸਮੱਸਿਆਵਾਂ ਦੇ ਅਸਲ ਕਾਰਨਾਂ ਉੱਤੇ ਪਰਦਾ ਪਾਕੇ ਕਰਾਮਾਤਾਂ, ਭੂਤਾਂ-ਪ੍ਰੇਤਾਂ, ਨਰਕਾਂ-ਸੁਰਗਾਂ ਦੇ ਚੱਕਰਾਂ ਵਿੱਚ ਪਾਉਣ ਵਾਲ਼ੇ ਪਰਜੀਵੀ ਸਾਧ-ਸਿਆਣਿਆਂ, ਸੰਤਾਂ, ਤਾਂਤਰਿਕਾਂ, ਪੁਜਾਰੀਆਂ ਆਦਿ ਪਾਖੰਡੀਆਂ ਦਾ ਤਰਕਸ਼ੀਲ ਸੁਸਾਇਟੀ ਪਰਦਾਫਾਸ਼ ਕਰੇਗੀ. ਚੰਡੀਗੜ੍ਹ ਜ਼ੋਨ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਨੇ ਤਰਕਸ਼ੀਲ ਸੁਸਾਇਟੀ ਦੇ ਸੰਵਿਧਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਨਾਉਣਾ ਹੀ ਸੁਸਾਇਟੀ ਦਾ ਮੁੱਖ ਉਦੇਸ਼ ਹੈ. ਇਸ ੳਦੇਸ਼ ਦੀ ਪ੍ਰਾਪਤੀ ਲਈ ਤਰਕਸ਼ੀਲ ਸੋਚ ਦੇ ਧਾਰਨੀ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਇੱਕ ਪਲੇਟਫਾਰਮ ਉੱਤੇ ਸੰਗਠਿਤ ਕਰੇਗੀ. ੳਨਾਂ ਕਿਹਾ ਕਿ ਹਰੇਕ ਤਰਕਸ਼ੀਲ ਮੈਂਬਰ ਦਾ ਇਹ ਸੰਵਿਧਾਨਿਕ ਫਰਜ਼ ਹੈ ਕਿ ਉਹ ਆਪਣੇ ਇਲਾਕੇ ਵਿੱਚ ਹਰ ਕਿਸਮ ਦੀ ਗੈਰ-ਵਿਗਿਆਨਿਕ ਜਾਪਦੀ ਘਟਨਾ ਉੱਤੇ ਨਜ਼ਰ ਰੱਖੇਗਾ.

ਇਸ ਮੌਕੇ ਜ਼ੋਨਲ ਆਗੂ ਸੰਦੀਪ ਬੱਸੀ ਪਠਾਣਾ ਨੇ ਦੱਸਿਆ ਕਿ ਸੰਵਿਧਾਨਿਕ ਦਿਸ਼ਾ-ਨਿਰਦੇਸਾਂ ਅਨੁਸਾਰ ਸੈਮੀਨਾਰਾਂ ਅਤੇ ਵਰਕਸ਼ਾਪਾਂ ਵਿੱਚ ਮਾਹਿਰ ਡਾਕਟਰਾਂ ਨੂੰ ਸੱਦ ਕੇ ਇਕਾਈਆਂ ਦੇ ਮਾਨਸਿਕ ਸਿਹਤ ਚੇਤਨਾਂ ਵਿਭਾਗ ਮੁਖੀਆਂ ਅਤੇ ਉਨਾਂ ਦੇ ਸਹਿਯੋਗੀ ਮੈਂਬਰਾਂ ਨੂੰ ਬਾਕਾਇਦਾ ਟਰੇਨਿੰਗ ਦਿੱਤੀ ਜਾਇਆ ਕਰੇਗੀ. ਉਨਾਂ ਕਿਹਾ ਕਿ ਅਖੌਤੀ ਭੁਤਾਂ-ਪ੍ਰੇਤਾਂ, ਸਿੰਘ-ਸ਼ਹੀਦਾਂ ਅਤੇ ਓਪਰੀਆਂ ਕਸਰਾਂ ਦੇ ਹਜਾਰਾਂ ਕੇਸ ਹੱਲ ਕਰਕੇ ਤਰਕਸ਼ੀਲ ਸੁਸਾਇਟੀ ਸਾਬਿਤ ਕਰ ਚੁੱਕੀ ਹੈ ਕਿ ਇਸ ਤਰਾਂ ਦੇ ਵਿਅਕਤੀ ਅਕਸਰ ਮਨੋਰੋਗ ਦੇ ਸ਼ਿਕਾਰ ਹੁੰਦੇ ਹਨ. ਇਸ ਮੋਕੇ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਸੰਵਿਧਾਨ ਵਿੱਚ ਇਹ ਵੀ ਦਰਜ ਹੈ ਕਿ ਤਰਕਸ਼ੀਲ ਸੁਸਾਇਟੀ ਲੋਕਪੱਖੀ ਸੱਭਿਆਚਾਰ ਪੈਦਾ ਕਰਨ, ਖੁਸ਼ੀ ਗਮੀਂ ਦੇ ਮੌਕੇ ਬੇਲੋੜੇ ਅਤੇ ਖਰਚੀਲੇ ਰਸਮੋਂ-ਰਿਵਾਜ ਤਿਆਗਣ, ਵੇਲ਼ਾ ਵਿਹਾਅ ਚੁੱਕੀਆਂ ਕਦਰਾਂ-ਕੀਮਤਾਂ ਨੂੰ ਬਦਲਣ ਲਈ ਸਮਾਜਿਕ ਲਹਿਰ ਪੈਦਾ ਕਰੇਗੀ. ਇਸ ਟੀਚੇ ਨੁੰ ਹਾਸਲ ਕਰਨ ਲਈ ਸੱਭਿਆਚਾਰਿਕ ਵਿਭਾਗ ਵੱਲੋਂ ਨਾਟਕ ਟੀਮਾਂ ਅਤੇ ਇਨਕਲਾਬੀ ਗੀਤ-ਸੰਗੀਤ ਮੰਡਲ਼ੀਆਂ ਤਿਆਰ ਕੀਤੀਆਂ ਜਾਣਗੀਆਂ. ਇਸ ਮੌਕੇ ਹਾਜਰ ਵੱਖ-ਵੱਖ ਇਕਾਈਆਂ ਦੇ ਨਮਾਇੰਦਿਆਂ ਲੈਕਚਰਾਰ ਸੁਰਜੀਤ ਸਿੰਘ ਮੁਹਾਲ਼ੀ, ਸੁਰਿੰਦਰ ਸੁਹਾਲ਼ੀ, ਜੋਗਾ ਸਿੰਘ, ਐਡਵੋਕੇਟ ਕਮਲਜੀਤ ਸਿੰਘ, ਮਾਸਟਰ ਹਰਜੀਤ ਤਰਖਾਣ ਮਾਜਰਾ, ਮਨਦੀਪ ਸਰਹਿੰਦ, ਜਰਨੈਲ ਸਹੌੜਾਂ, ਸੁਰਿੰਦਰ ਸਿੰਬਲ਼ ਮਾਜਰਾ, ਪਵਨ ਚੱਕ ਕਰਮਾਂ ਨੇ ਇਸ ਦਸਤਾਵੇਜ਼ ਉੱਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸੁਸਾਇਟੀ ਦਾ ਇਹ 'ਸੰਵਿਧਾਨ ਅਤੇ ਐਲਾਨ-ਨਾਮਾ' ਤਰਕਸ਼ੀਲ ਕਾਮਿਆਂ ਲਈ ਚਾਨਣ-ਮੁਨਾਰੇ ਦਾ ਕੰਮ ਕਰੇਗਾ.