ਤਰਕਸ਼ੀਲ ਸੁਸਾਇਟੀ ਪੰਜਾਬ ਨੇ ਜੰਮੂ-ਕਸ਼ਮੀਰ ਵਿੱਚ ਤਰਕਸ਼ੀਲਤਾ ਦਾ ਪਸਾਰਾ ਕਰਨ ਦੀ ਕੀਤੀ ਸ਼ੁਰੂਆਤ

ਲੁਧਿਆਣਾ, 2 ਸਤੰਬਰ (ਜਸਵੰਤ ਜੀਰਖ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪੰਜਾਬ ਦੇ ਨਾਲ ਨਾਲ ਦੂਜੇ ਰਾਜਾਂ ਵਿੱਚ ਵੀ ਲੋਕਾਂ ਨੂੰ ਅੰਧਿਵਿਸਵਾਸਾਂ ਵਿੱਚ ਪਾਉਣ ਅਤੇ ਇਹਨਾਂ ਨੂੰ ਫੈਲਾਉਣ ਵਾਲੇ ਬਾਬਿਆਂ, ਜੋਤਸ਼ੀਆਂ, ਚੇਲਿਆਂ ਆਦਿ ਦੇ ਲੋਕ ਵਿਰੋਧੀ ਕਾਰਨਾਮਿਆਂ ਖ਼ਿਲਾਫ਼ ਲੋਕ ਚੇਤਨਾ ਫੈਲਾਉਣ ਦਾ ਬੀੜਾ

ਚੁੱਕਿਆ ਹੈ. ਇਸ ਮਕਸ਼ਦ ਵਾਸਤੇ ਤਰਕਸ਼ੀਲ ਸੁਸਾਇਟੀ ਦੀ ਤਿੰਨ ਮੈਂਬਰੀ ਟੀਮ ਜਿਸ ਵਿੱਚ ਕੌਮੀ ਤੇ ਕੌਮਾਂਤਰੀ ਵਿਭਾਗ ਦੇ ਮੁੱਖੀ ਹਰਚੰਦ ਭਿੰਡਰ, ਸਹਾਇਕ ਜਸਵੰਤ ਜੀਰਖ ਅਤੇ ਪਟਿਆਲ਼ਾ ਇਕਾਈ ਦੇ ਆਗੂ ਰਾਮ ਕੁਮਾਰ ਸ਼ਾਮਲ ਸਨ, ਨੇ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਠੂਆ ਤੋਂ ਇਸ ਚੇਤਨਾ ਮੁਹਿੰਮ ਦੀ ਸ਼ੁਰੂਆਤ ਕੀਤੀ. ਇਹ ਤਰਕਸ਼ੀਲ ਪ੍ਰੋਗਰਾਮ ਕਠੂਆ ਵਿਖੇ ਇਕ ਕਮਿਨਟੀ ਹਾਲ ਵਿੱਚ 1 ਸਤੰਬਰ ਨੂੰ ਉਪਰੋਕਤ ਤਰਕਸ਼ੀਲ ਆਗੂਆਂ ਵੱਲੋਂ ਪੇਸ਼ ਕੀਤਾ ਗਿਆ.

ਇਸ ਸਮੇਂ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਪੰਜਾਬ ਵਿੱਚ ਚੱਲ ਰਹੀ ਤਰਕਸ਼ੀਲ ਲਹਿਰ ਬਾਰੇ ਬੋਲਦਿਆਂ ਕਿਹਾ, ਕਿ ਸਮਾਜ ਵਿੱਚ ਅੰਧ ਵਿਸ਼ਵਾਸ ਫੈਲਾਉਣ ਲਈ ਜਿੱਥੇ ਤਰ੍ਹਾਂ ਤਰ੍ਹਾਂ ਦੇ ਅਖੌਤੀ ਬਾਬੇ, ਸਾਧ-ਸੰਤ, ਜੋਤਿਸ਼ੀ, ਤਾਂਤਰਿਕ ਜ਼ੁੰਮੇਵਾਰ ਹਨ, ਉੱਥੇ ਕਈ ਸਿਆਸਤਦਾਨ ਜੋ ਸਰਕਾਰਾਂ ਵਿੱਚ ਵੀ ਭਾਈਵਾਲ ਹਨ, ਵੀ ਬਰਾਬਰ ਦੇ ਜ਼ੁੰਮੇਵਾਰ ਹਨ. ਉਹਨਾਂ ਸਪਸ਼ਟ ਕੀਤਾ ਕਿ ਇਹਨਾਂ ਸਿਆਸੀ ਆਗੂਆਂ ਅਤੇ ਬਾਬਿਆਂ ਦੀ ਆਪਸੀ ਮਿਲੀ ਭੁਗਤ ਨਾਲ, ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਦੇ ਅਸਲ ਕਾਰਣਾਂ ਉੱਪਰ ਪਰਦਾ ਪਾਕੇ, ਕਿਸਮਤਵਾਦੀ ਬਣੇ ਰਹਿਣ ਤੇ ਜ਼ੋਰ ਦਿੱਤਾ ਜਾਂਦਾ ਹੈ. ਉਹਨਾਂ ਕਈ ਉਦਾਹਰਣਾਂ ਦਿੰਦਿਆਂ ਦੱਸਿਆ ਕਿ ਕਈ ਲੋਕ ਆਪਣੀਆਂ ਘਰੇਲੂ ਸਮੱਸਿਆਵਾਂ ਕਾਰਣ ਮਾਨਸਿਕ ਰੋਗੀ ਬਣ ਜਾਂਦੇ ਹਨ ਅਤੇ ਇਹਨਾਂ ਬਾਬਿਆਂ, ਜੋਤਿਸ਼ੀਆਂ, ਤਾਂਤਰਿਕਾਂ ਦੀ ਚੁੰਗਲ ਵਿੱਚ ਫਸਕੇ ਲੱਖਾਂ ਰੁਪਇਆ ਲੁੱਟਾ ਬਹਿੰਦੇ ਹਨ. ਅੰਤ ਹਾਰ ਹੰਭਕੇ ਜਦੋਂ ਉਹ ਤਰਕਸ਼ੀਲ ਸੁਸਾਇਟੀ ਕੋਲ ਆਕੇ ਆਪਣੀ ਹੱਡ ਬੀਤੀ ਸੁਣਾਉਂਦੇ ਹਨ, ਸੁਸਾਇਟੀ ਉਹਨਾਂ ਦੇ ਸਹੀ ਇਲਾਜ ਵਾਸਤੇ ਸਹਿਯੋਗ ਕਰਨ ਦੇ ਨਾਲ ਉਹਨਾਂ ਤਾਂਤਰਿਕਾਂ ਆਦਿ ਪਾਸੋਂ ਲੋਕਾਂ ਤੋਂ ਬਟੋਰੇ ਲੱਖਾਂ ਰੁਪਿਆਂ ਦੀਆਂ ਵੱਡੀਆਂ ਰਕਮਾਂ ਵਾਪਸ ਕਰਵਾਉਣ ਵਿੱਚ ਵੀ ਸਫਲ ਹੋਈ ਹੈ. ਉਹਨਾਂ ਦੇਵੀ ਦੇਵਤਿਆਂ ਅਤੇ ਪੀਰਾਂ ਆਦਿ ਸਮੇਤ ਹੋਰ ਕਈ ਗ਼ੈਬੀ ਸ਼ਕਤੀਆਂ ਨੂੰ ਆਪਣੇ ਵੱਸ ਵਿੱਚ ਹੋਣ ਦੇ ਦਾਅਵੇਦਾਰਾਂ ਕਰਨ ਵਾਲਿਆਂ ਦੀ ਪੋਲ ਖੋਹਦਿਆਂ ਕਈ ਕੇਸਾਂ ਦਾ ਹਵਾਲਾ ਦਿੰਦਿਆਂ ਸਪਸਟ ਕੀਤਾ ਕਿ ਅਜਿਹੀ ਕੋਈ ਵੀ ਗ਼ੈਬੀ ਸ਼ਕਤੀ ਨਹੀਂ ਹੈ, ਜਿਸ ਨੂੰ ਵੱਸ ਵਿੱਚ ਕਰਕੇ ਕੋਈ ਰਿੱਧੀ ਸਿੱਧੀ ਜਾਂ ਕਰਿਸ਼ਮਾ ਕੀਤਾ ਜਾ ਸਕੇ. ਉਹਨਾਂ ਅਜਿਹੇ ਦਾਅਵੇ ਕਰਨ ਵਾਲਿਆਂ ਲਈ ਤਰਕਸ਼ੀਲ ਸੁਸਾਇਟੀ ਵੱਲੋਂ ਰੱਖੇ ਪੰਜ ਲੱਖ ਰੁ ਦਾ ਇਨਾਮ ਜਿੱਤਣ ਦੀ ਵੀ ਘੋਸਣਾ ਕੀਤੀ.

ਇਸੇ ਤਰ੍ਹਾਂ ਤਰਕਸ਼ੀਲ ਆਗੂ ਰਾਮ ਕੁਮਾਰ ਪਟਿਆਲ਼ਾ ਨੇ ਬਹੁਤ ਸਾਰੀਆਂ ਹੱਥ ਦੀਆਂ ਸਫਾਈਆਂ ਵਾਲੇ ਜਾਦੂ ਦੇ ਟ੍ਰਿੱਕਾਂ ਰਾਹੀਂ ਸਪਸਟ ਕੀਤਾ ਕਿ ਕੋਈ ਵੀ ਅਜਿਹੀ ਗ਼ੈਬੀ ਸ਼ਕਤੀ ਜਾਂ ਜਾਦੂ ਮੰਤਰ ਆਦਿ ਨਹੀਂ ਹੁੰਦਾ ਜਿਸ ਰਾਹੀਂ ਕਿਸੇ ਦਾ ਕੋਈ ਵਿਗੜਿਆ ਕੰਮ ਠੀਕ ਕੀਤਾ ਜਾ ਸਕਦਾ ਹੋਵੇ. ਇਨ੍ਹਾਂ ਟ੍ਰਿੱਕਾਂ ਦੇ ਅਸਲ ਭੇਦਾਂ ਬਾਰੇ ਸਪਸ਼ਟ ਕਰਕੇ ਲੋਕਾਂ ਵਿੱਚ ਜਾਦੂ-ਮੰਤਰ ਸੰਬੰਧੀ ਪਾਏ ਜਾਂਦੇ ਭਰਮ ਭਲੇਖਿਆਂ ਨੂੰ ਖਤਮ ਕੀਤਾ. ਇਸ ਪ੍ਰੋਗਰਾਮ ਵਿੱਚ ਉੱਥੋਂ ਦੇ ਬੱਚਿਆਂ ਨੇ ਮਨੀਸ਼ਾ ਅਤੇ ਦੀਕਸ਼ਾ ਸਮੇਤ ਨੌਜਵਾਨ ਸੰਜੇ ਨੇ ਕ੍ਰਮਵਾਰ “ਉੱਠ ਮਜਦੂਰਾ ਜਾਗ ਕਿਸਾਨਾਂ, ਤੇਰਾ ਵੇਲਾ ਆਇਆ ਹੈ“ ਅਤੇ “ਹਮ ਸਮਾਜ ਭੀ ਬਨਾਵੇਂਗੇ, ਆਦਮੀ ਕੋ ਜੋੜਤੇ ਹੂਏ” ਸਮੇਤ “ਮੈਂ ਕੀ ਝੂਠ ਬੋਲਿਆ ?” ਆਦਿ ਆਪਣੇ ਹੀ ਅੰਦਾਜ਼ਾਂ ਵਿੱਚ ਗਾਕੇ ਇਨਕਲਾਬੀ ਰੰਗ ਬੰਨ੍ਹਿਆ.

ਹਰਚੰਦ ਭਿੰਡਰ ਨੇ ਇਸ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੇ ਨੌਜਵਾਨਾਂ ਦੀ ਸਮੁੱਚੀ ਟੀਮ ਅਤੇ ਦਰਸ਼ਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਇਥੇ ਤਰਕਸ਼ੀਲ ਵਿਚਾਰਾਂ ਨੂੰ ਜੱਥੇਬੰਦ ਹੋਕੇ ਪ੍ਰਚਾਰਨ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਹੋਰ ਰਾਜਾਂ ਖਾਸ਼ ਤੌਰ ਤੇ ਮਹਾਂਰਾਸ਼ਟਰ,ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲਾ, ਕਰਨਾਟਕਾ, ਉੜੀਸ਼ਾ ਅਤੇ ਤੇਲੰਗਾਨਾ ਆਦਿ ਵਿੱਚ ਵੀ ਤਰਕਸ਼ੀਲ ਜਥੇਬੰਦੀਆ ਅੰਧ-ਵਿਸ਼ਵਾਸ਼ ਫੈਲਾਣ ਵਾਲੀਆਂ ਤਾਕਤਾਂ ਨੂੰ ਟੱਕਰ ਦੇ ਲੋਕਾਂ ਵਿੱਚ ਵਿਗਿਆਨਕ ਚੇਤਨਾ ਪੈਦਾ ਕਰ ਰਹੀਆਂ ਹਨ. ਇਸ ਨਾਲ ਹੀ ਉਹਨਾਂ ਨੇ ਪ੍ਰੋਗਰਾਮ ਨਾਲ ਸਵਾਲਾਂ ਦੇ ਜਵਾਬ ਦਿੱਤੇ. ਅਗਾਂਹਵਧੂ ਵਿਚਾਰਾਂ ਦੇ ਧਾਰਨੀ ਮਾ ਕੁਲਬੀਰ ਨੇ ਸਟੇਜ ਸੰਚਾਲਨ ਦੀ ਜ਼ੁਮੇਵਾਰੀ ਬਾਖੂਬੀ ਨਿਭਾਈ. ਜ਼ਿਲ੍ਹਾ ਕਠੂਆ ਦੇ ਨੌਜਵਾਨ ਪ੍ਰਬੰਧਕਾਂ ਦੀ ਟੀਮ ਵਿੱਚ ਐਡਵੋਕੇਟ ਧੀਰਜ, ਰਾਜੂ ਅਤੇ ਉਹਨਾਂ ਦੀ ਪਤਨੀ ਸੁਲਤਾਨਾ, ਗਿੱਨੀ, ਬਲਵੀਰ, ਸੰਜੇ, ਰਜੇਸ ਆਦਿ ਨੇ ਇਸ ਪ੍ਰੋਗਰਾਮ ਨੂੰ ਉਲੀਕਣ ਅਤੇ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ. ਸਮੁੱਚੇ ਲੋਕਾਂ ਨੇ ਇਸ ਪ੍ਰੋਗਰਾਮ ਦੀ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਤਰਕਸ਼ੀਲ ਵਿਚਾਰਾਂ ਨੂੰ ਆਪਣੇ ਇਲਾਕੇ ਵਿੱਚ ਪ੍ਰਚਾਰਨ ਲਈ, ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਉਤਸੁਕਤਾ ਵਿਖਾਈ ਤੇ ਛੇਤੀ ਹੀ ਇਸ ਨੂੰ ਜੱਥੇਬੰਦਕ ਰੂਪ ਦੇਕੇ ਅੱਗੇ ਵਧਣ ਦਾ ਫੈਸਲਾ ਲਿਆ.