ਤਰਕਸ਼ੀਲਾਂ ਦੀ ਇਕਾਈ ਜਗਰਾਉਂ ਨੇ ਅੰਧਵਿਸ਼ਵਾਸ਼ ਰੋਕੂ ਕਾਨੂੰਨ ਬਣਾਉਂਣ ਲਈ ਇਲਾਕੇ ਦੀ ਵਿਧਾਇਕਾ ਨੂੰ ਮੰਗ ਪੱਤਰ ਦਿੱਤਾ

ਜਗਰਾਉਂ, 25 ਜਨਵਰੀ, (ਹਰਚੰਦ ਭਿੰਡਰ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬੇ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾ ਕੇ ਲਾਗੂ ਕਰਾਉਂਣ ਸਬੰਧੀ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਜਗਰਾਉਂ ਨੇ ਇਲਾਕੇ ਦੀ ਵਿਧਾਇਕਾ ਸ੍ਰੀਮਤੀ ਸਰਬਜੀਤ ਕੌਰ ਮਾਣੂਕੇ ਨੂੰ ਮੰਗ ਪੱਤਰ ਸੌਂਪਿਆ. ਇਸ ਸਮੇਂ ਉਹਨਾਂ ਵੱਲੋਂ

ਵਿਧਾਨ ਸਭਾ ਦੇ ਇਜਲਾਸ ਵਿੱਚ ਇਸ ਬਾਰੇ ਆਵਾਜ਼ ਉਠਾਉਂਣ ਦਾ ਭਰੋਸ਼ਾ ਵੀ ਦਿੱਤਾ. ਸੁਸਾਇਟੀ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਨੂੰਨ ਮਹਾਂਰਾਸ਼ਟਰ ਵਿੱਚ ਲਾਗੂ ਕੀਤਾ ਹੋਇਆ ਹੈ. ਪੰਜਾਬ ਵਿੱਚ ਵੀ ਇਸ ਬਾਰੇ 2018 ਅਤੇ 2019 ਵਿੱਚ ਇਸ ਬਾਰੇ ਚਰਚਾ ਕੀਤੀ ਗਈ ਸੀ. ਪਰ ਅਜੇ ਤੱਕ ਕਾਨੂੰਨ ਹੋਂਦ ਵਿੱਚ ਨਹੀਂ ਅਇਆ.

ਤਰਕਸ਼ੀਲ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਭੋਲੇ ਭਾਲ਼ੇ ਲੋਕਾਂ ਨੂੰ ਅਖੌਤੀ ਬਾਬਿਆਂ, ਜੋਤਿਸ਼ੀਆਂ, ਤਾਂਤਰਿਕਾਂ ਆਦਿ ਦੀ ਲੁੱਟ ਤੋਂ ਛੁੱਟਕਾਰਾ ਦਿਵਾਉਂਣ ਲਈ ਅਤੇ ਅੰਧਵਿਸ਼ਵਾਸ਼ ਫੈਲਣ ਤੋਂ ਰੋਕਣ ਲਈ ਜਰੂਰੀ ਹੈ ਕਿ ਪੰਜਾਬ ਸਰਕਾਰ ਵਲੋਂ ਅਜਿਹਾ ਕਾਨੂੰਨ ਬਣਾ ਕੇ ਲਾਗੂ ਕੀਤਾ ਜਾਵੇ. ਮੰਗ ਪੱਤਰ ਦੇਣ ਸਮੇਂ ਤਰਕਸ਼ੀਲ ਸੁਸਾਇਟੀ ਦੇ ਵਫਦ ਵਿੱਚ ਇਕਾਈ ਜਗਰਾਉਂ ਦੇ ਜਥੇਬੰਦਕ ਮੁੱਖੀ ਕਰਤਾਰ ਸਿੰਘ ਵਿਰਾਨ, ਸੁਰਜੀਤ ਦੌਧਰ, ਸੁਖਦੇਵ ਸਿੰਘ ਰਾਮਗੜ੍ਹ, ਪਿਸ਼ੋਰਾ ਸਿੰਘ, ਕਮਲਜੀਤ ਬੁਜਗਰ ਅਤੇ ਮੁਖਤਿਆਰ ਸਿੰਘ ਢੋਲਣ ਆਦਿ ਨੇ ਸਮੂਲੀਅਤ ਕੀਤੀ.