ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਤਰਕਸ਼ੀਲ ਸੁਸਾਇਟੀ ਵੱਲੋਂ ਸੰਵਿਧਾਨ ‘ਚੋਂ ਧਰਮ ਨਿਰਪੱਖਤਾ ਅਤੇ ਸਮਾਜਵਾਦ ਸ਼ਬਦ ਕੱਢਣ ਦਾ ਵਿਰੋਧ

ਉਪ ਰਾਸ਼ਟਰਪਤੀ ਦੇ ਗੈਰ ਸੰਵਿਧਾਨਕ ਬਿਆਨ ਦੀ ਕੀਤੀ ਸਖ਼ਤ ਨਿਖੇਧੀ

ਬਰਨਾਲਾ, 10 ਜੁਲਾਈ 2025 (ਸੁਮੀਤ ਅੰਮ੍ਰਿਤਸਰ): ਤਰਕਸ਼ੀਲ ਸੁਸਾਇਟੀ ਪੰਜਾਬ ਨੇ ਬੀਤੇ ਦਿਨੀਂ ਆਰ ਐਸ ਐਸ ਦੇ ਜਨਰਲ ਸਕੱਤਰ ਦੱਤਾਤਰੇ ਹੋਸਾਬਲੇ ਵੱਲੋਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚੋਂ ‘ਧਰਮ ਨਿਰਪੱਖਤਾ’ ਅਤੇ ‘ਸਮਾਜਵਾਦ’ ਸ਼ਬਦ ਬਾਹਰ ਕੱਢਣ ਦੀ ਮੰਗ ਦਾ ਸਖ਼ਤ ਵਿਰੋਧ ਕਰਦਿਆਂ ਇਸਨੂੰ ਭਾਜਪਾ ਸੰਘ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਹੇਠ ਦੇਸ਼ ਵਿਰੋਧੀ ਸਾਜਿਸ਼ ਕਰਾਰ ਦਿੱਤਾ ਹੈ ਅਤੇ ਸਮੂਹ ਲੋਕ ਪੱਖੀ ਅਤੇ ਜਮਹੂਰੀ ਤਾਕਤਾਂ ਨੂੰ ਮੰਨੂ ਸਿਮਰਤੀ ਅਧਾਰਿਤ ਇਸ ਫਿਰਕੂ ਰਾਜਨੀਤੀ ਦਾ ਡਟਵਾਂ ਵਿਰੋਧ ਕਰਨ ਦੀ ਜ਼ੋਰਦਾਰ ਅਪੀਲ ਵੀ ਕੀਤੀ ਹੈ।

 ਇਸ ਸਬੰਧੀ ਸੁਸਾਇਟੀ ਦੇ ਮੁੱਖ ਦਫਤਰ ਤਰਕਸ਼ੀਲ ਭਵਨ ਬਰਨਾਲਾ ਤੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੁਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਸੁਖਵਿੰਦਰ ਬਾਗਪੁਰ, ਰਾਮ ਸਵਰਨ ਲੱਖੇਵਾਲੀ, ਸੁਰਜੀਤ ਟਿੱਬਾ ਅਤੇ ਸੁਮੀਤ ਅੰਮ੍ਰਿਤਸਰ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ ਜਿਸ ਵਿੱਚ ਵੱਖ ਵੱਖ ਧਰਮਾਂ, ਫ਼ਿਰਕਿਆਂ, ਜਾਤਾਂ ਦੇ ਲੋਕਾਂ ਨੂੰ ਸਮਾਜਵਾਦੀ ਵਿਵਸਥਾ ਤਹਿਤ ਬਿਨਾਂ ਕਿਸੇ ਵਿਤਕਰੇ ਦੇ ਆਜ਼ਾਦੀ, ਬਰਾਬਰੀ, ਨਿਆਂ, ਵਿਕਾਸ, ਸੁਰੱਖਿਆ, ਸਨਮਾਨ ਅਤੇ ਜਮਹੂਰੀ ਹੱਕਾਂ ਦੇ ਬਰਾਬਰੀ ਦੇ ਅਧਿਕਾਰ ਹਾਸਿਲ ਹਨ ਅਤੇ ਸਟੇਟ ਨੂੰ ਕਿਸੇ ਵੀ ਵਿਸ਼ੇਸ਼ ਧਰਮ ਦੇ ਹੱਕ ਵਿੱਚ ਉਲਾਰ ਹੋਣ ਦੀ ਇਜਾਜ਼ਤ ਨਹੀਂ ਹੈ, ਪਰ ਮੋਦੀ ਹਕੂਮਤ ਹਿੰਦੂ ਰਾਸ਼ਟਰ ਦੇ ਏਜੰਡੇ ਹੇਠ ਨਾ ਸਿਰਫ ਹਿੰਦੂ ਧਰਮ ਅਤੇ ਉਸਦੇ ਧਾਰਮਿਕ ਸਥਾਨਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਸਾਲਾਨਾ ਖਰਚ ਕਰਕੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ ਬਲਕਿ ਭਾਰਤੀ ਸੰਵਿਧਾਨ ’ਚੋਂ ਧਰਮ ਨਿਰਪੱਖ ਅਤੇ ਸਮਾਜਵਾਦ ਸ਼ਬਦ ਕੱਢਕੇ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣਾ ਚਾਹੁੰਦੀ ਹੈ।

ਤਰਕਸ਼ੀਲ ਆਗੂਆਂ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ 1975 ਦੀ ਐਮਰਜੈਂਸੀ ਦੇ ਵਿਰੋਧ ਦੇ ਬਹਾਨੇ ਆਰ ਐਸ ਐਸ ਦੀ ਫਿਰਕੂ ਮੰਗ ਦੀ ਹਮਾਇਤ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਕ ਉੱਚ ਸੰਵਿਧਾਨਿਕ ਅਹੁਦੇ ਤੇ ਬੈਠੇ ਵਿਅਕਤੀ ਵੱਲੋਂ ਸੰਵਿਧਾਨ ਨੂੰ ਤੋੜਨ ਜਾਂ ਬਦਲਣ ਦੀ ਦੇਸ਼ ਵਿਰੋਧੀ ਸਾਜਿਸ਼ ਦੀ ਹਮਾਇਤ ਕਰਨੀ ਆਮ ਨਾਗਰਿਕਾਂ ਅਤੇ ਖਾਸ ਕਰਕੇ ਦਲਿਤਾਂ, ਆਦਿਵਾਸੀਆਂ, ਔਰਤਾਂ ਅਤੇ ਘੱਟ ਗਿਣਤੀਆਂ ਦੇ ਬੁਨਿਆਦੀ ਜਮਹੂਰੀ ਹੱਕਾਂ ਉੱਤੇ ਸਿੱਧਾ ਹਮਲਾ ਹੈ ਜਦਕਿ ਕੇਂਦਰੀ ਹਕੂਮਤ ਵੱਲੋਂ ਕਾਰਪੋਰੇਟ ਪੱਖੀ ਅਖੌਤੀ ਵਿਕਾਸ ਮਾਡਲ ਰੱਦ ਕਰਕੇ ਦੇਸ਼ ਵਿੱਚ ਵਿਗਿਆਨਕ ਸੋਚ ਅਧਾਰਿਤ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸਮਾਜਵਾਦੀ ਵਿਵਸਥਾ ਯਕੀਨੀ ਅਤੇ ਮਜ਼ਬੂਤ ਬਣਾਉਣ ਦੀਆਂ ਲੋਕ ਪੱਖੀ ਨੀਤੀਆਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਉਨ੍ਹਾਂ ਦੋਸ਼ ਲਾਇਆ ਕਿ ਜਿਸ ਆਰ ਐਸ ਐਸ ਨੇ ਆਪਣੇ ਹਿੰਦੂਤਵ ਦੇ ਫ਼ਿਰਕੂ ਏਜੰਡੇ ਹੇਠ ਹਿੰਦੋਸਤਾਨ ਦੇ ਆਜ਼ਾਦੀ ਸੰਗਰਾਮ ਦੌਰਾਨ ਬਰਤਾਨਵੀਂ ਸਾਮਰਾਜ ਦੇ ਹੱਕ ਵਿੱਚ ਭੁਗਤਣ ਦੀ ਦੇਸ਼ ਵਿਰੋਧੀ ਫਿਰਕੂ ਰਾਜਨੀਤੀ ਕੀਤੀ ਹੋਵੇ ਅਤੇ ਹਿੰਦੂਤਵੀ ਆਗੂ ਸਾਵਰਕਰ ਵਰਗਿਆਂ ਨੇ ਆਪਣੀਆਂ ਸਜ਼ਾਵਾਂ ਮਾਫ ਕਰਵਾਉਣ ਲਈ ਅੰਗਰੇਜ਼ ਹਕੂਮਤ ਤੋਂ ਲਿਖਤੀ ਮਾਫ਼ੀਆਂ ਮੰਗੀਆਂ ਹੋਣ, ਓਹੀ ਆਰ ਐਸ ਐਸ ਹੁਣ ਸੰਵਿਧਾਨ ’ਚੋਂ ਬਰਾਬਰੀ, ਬਹੁਲਤਾ ਅਤੇ ਸਮਾਜਿਕ ਨਿਆਂ ਖ਼ਤਮ ਕਰਕੇ ਮੰਨੂ ਸਿਮਰਤੀ ਅਧਾਰਿਤ ਲੋਕ ਵਿਰੋਧੀ ਹਿੰਦੂ ਰਾਸ਼ਟਰ ਕਾਇਮ ਕਰਨਾ ਚਾਹੁੰਦੀ ਹੈ ਜਿਸਨੂੰ ਦੇਸ਼ ਦੀਆਂ ਅਗਾਂਹਵਧੂ ਅਤੇ ਧਰਮ ਨਿਰਪੱਖ ਜਮਹੂਰੀ ਤਾਕਤਾਂ ਵੱਲੋਂ ਕਿਸੇ ਵੀ ਕੀਮਤ ਉਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।

powered by social2s