ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ

ਵਿਗਿਆਨਿਕ ਸੋਚ ਦੇ ਪਸਾਰ ਲਈ ਨੌਜਵਾਨਾਂ ਨੂੰ ਲਹਿਰ ਚ ਸ਼ਾਮਲ ਹੋਣ ਦਾ ਸੱਦਾ

ਮੋਹਾਲੀ, 15 ਫਰਵਰੀ (ਹਰਪ੍ਰੀਤ): ਲੋਕਾਂ ਵਿੱਚ ਵਿਗਿਆਨਿਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਤਤਪਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅਗਲੇ ਦੋ ਸਾਲਾਂ ਲਈ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋ ਚੁੱਕੀ ਹੈ. ਸੂਬਾ ਕਮੇਟੀ ਵੱਲੋਂ ਇਕਾਈਆਂ ਅਤੇ ਵੱਖ ਵੱਖ ਜੋਨਾਂ ਦਾ ਚੋਣ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਗਿਆ ਹੈ. ਸੂਬੇ ਭਰ ਵਿੱਚ ਇਕਾਈਆਂ

ਦੀ ਚੋਣ 1 ਮਾਰਚ ਤੋਂ 15 ਮਾਰਚ ਤੱਕ ਕੀਤੀ ਜਾਵੇਗੀ. ਸੁਸਾਇਟੀ ਦੀਆਂ ਇਸ ਸਮੇਂ ਸੂਬੇ ਵਿੱਚ ਕਰੀਬ 85 ਇਕਾਈਆਂ ਹਨ. ਦੂਜੇ ਪਾਸੇ ਜੋਨਾਂ ਦੀ ਚੋਣ 16 ਮਾਰਚ ਤੋਂ 29 ਮਾਰਚ ਤੱਕ ਕੀਤੀ ਜਾਵੇਗੀ. ਇਸ ਤੋਂ ਬਾਅਦ ਸੁਸਾਇਟੀ ਦਾ ਸੂਬਾ ਪੱਧਰੀ ਇਜਲਾਸ 2 ਅਤੇ 3 ਅਪ੍ਰੈਲ ਨੂੰ ਰੱਖਿਆ ਗਿਆ ਹੈ ਜਿਸ ਵਿੱਚ ਇਕਾਈਆਂ ਤੇ ਜੋਨਾਂ ਦੇ ਡੈਲੀਗੇਟ ਸੂਬਾ ਕਮੇਟੀ ਨੂੰ ਚੁਣਨਗੇ ਜੋ ਅਗਲੇ ਦੋ ਸਾਲਾਂ ਲਈ ਕੰਮ ਕਰੇਗੀ. ਇਸ ਬਾਰੇ ਇਕਾਈ ਮੋਹਾਲੀ ਦੀ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਜੋਨ ਚੰਡੀਗੜ ਦੇ ਜਥੇਬੰਦਕ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਕਿਹਾ ਕਿ ਸੁਸਾਇਟੀ ਦੀਆਂ ਸਾਰੀਆਂ ਇਕਾਈਆਂ ਨੂੰ ਮੈਂਬਰਸਿਪ ਮੁਹਿੰਮ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ. ਉਹਨਾਂ ਕਿਹਾ ਕਿ ਕੋਈ ਵਿਅਕਤੀ ਜੇਕਰ ਅੰਧਵਿਸ਼ਵਾਸਾਂ ਖਿਲਾਫ ਅਤੇ ਵਿਗਿਆਨਿਕ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਸੁਸਾਇਟੀ ਦਾ ਮੈਂਬਰ ਬਣ ਸਕਦਾ ਹੈ. ਉਸ ਵਿਅਕਤੀ ਦਾ ਪਹਿਲਾਂ ਦੋ ਸਾਲਾਂ ਲਈ ਉਮੀਦਵਾਰ ਮੈਂਬਰ ਵਜੋਂ ਫਾਰਮ ਭਰਿਆ ਜਾਵੇਗਾ ਤੇ ਦੋ ਸਾਲ ਉਸ ਦੀ ਸੋਚ ਦੇ ਵਿਕਾਸ ਲਈ ਸਿਖਲਾਈ ਦਿੱਤੀ ਜਾਵੇਗੀ. ਇਸ ਸੰਬੰਧੀ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਸੁਸਾਇਟੀ ਦਾ ਮੈਂਬਰ ਬਣਨ ਦੇ ਚਾਹਵਾਨ ਵਿਅਕਤੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿਖੇ ਕਿਸੇ ਵੀ ਦਿਨ 11ਤੋਂ 2 ਵਜੇ ਤੱਕ ਆ ਕੇ ਫਾਰਮ ਭਰ ਸਕਦੇ ਹਨ. ਅੱਜ ਸੁਸਾਇਟੀ ਦੀ ਮੀਟਿੰਗ ਵਿੱਚ ਹਾਜਰੀਨਾਂ ਨੇ ਆਪੋ-ਆਪਣੇ ਮੈਂਬਰਸ਼ਿਪ ਫਾਰਮ ਵੀ ਭਰੇ ਤੇ ਭਵਿੱਖ ਦੀ ਕੰਮਕਾਰ ਨੀਤੀ ਬਾਰੇ ਵਿਚਾਰ ਚਰਚਾ ਵੀ ਕੀਤੀ. ਸ਼੍ਰੀ ਕ੍ਰਾਂਤੀ ਨੇ ਨੌਜਵਾਨਾਂ ਨੂੰ ਵੀ ਸੱਦਾ ਦਿੰਦਿਆਂ ਕਿਹਾ ਕਿ ਉਹ ਤਰਕਸ਼ੀਲ ਲਹਿਰ ਵਿੱਚ ਸ਼ਾਮਲ ਹੋਣ ਤਾਕਿ ਲੋਕਾਂ ਦੀ ਸੋਚ ਨੂੰ 21ਵੀਂ ਸਦੀ ਦੇ ਹਾਣ ਦਾ ਬਣਾਇਆ ਜਾ ਸਕੇ. ਮੀਟਿੰਗ ਦੌਰਾਨ ਹੋਰ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ.