- Details
- Hits: 3864
22 ਨਵੰਬਰ ਦਿਨ ਐਂਤਵਾਰ ਨੂੰ ਸ਼ਰਧਾਂਜਲੀ ਤੇ ਵਿਸ਼ੇਸ਼
ਅਜਿਹਾ ਸੀ; ਸਾਡਾ ਸਾਥੀ ਸੁਖਵਿੰਦਰ
ਬਹੁਤ ਹੀ ਘੱਟ ਅਜਿਹੇ ਵਿਆਕਤੀ ਹਨ ਜੋ ਆਪਣੇ ਨਿੱਜ ਨੂੰ ਤਿਆਗ ਕੇ, ਪਰਿਵਾਰਕ ਜੁੰਮੇਵਾਰੀਆਂ ਨੂੰ ਦੂਜੇ ਨੰਬਰ ’ਤੇ ਰੱਖ ਕੇ ਪਹਿਲ ਦੇ ਤੌਰ ਤੇ ਆਪਣੇ ਸਮਾਜ ਦੀ ਭਲਾਈ ਅਤੇ ਉਸਦੀ ਬੇਹਤਰੀ ਵਾਸਤੇ ਦਿਨ-ਰਾਤ ਇੱਕ ਕਰ ਦਿੰਦੇ ਨੇ, ਉਹ ਜਾਣਦੇ ਹਨ ਕਿ ਵਧੀਆ ਅਤੇ ਸੇਹਤਮੰਦ ਸਮਾਜ ਵਿੱਚ ਹੀ ਸਹੀ ਢੰਗ ਨਾਲ ਮਨੁੱਖੀ ਜਿੰਦਗੀ ਜੀਵੀ ਸਕਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਬੇਹਤਰ ਮਾਹੌਲ ਬਣਾਇਆ ਜਾ ਸਕਦਾ ਹੈ. ਇਸ ਤਰ੍ਹਾਂ ਦੀ ਸੋਚ ਦਾ ਹੀ ਮਾਲਕ ਸੀ ਸਾਥੀ ਸੁਖਵਿੰਦਰ. ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੇ ਬਹੁਤ ਹੀ ਸਰਗਰਮ, ਅਣਥੱਕ ਅਤੇ ਸੁਸਾਇਟੀ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਣ ਵਾਲੇ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਨਮਾਨਿਤ ਆਗੂ, ਦੋ ਭਰਾਵਾਂ ਅਤੇ ਇਕ ਭੈਣ ਦਾ ਪਿਆਰਾ ਵੀਰ, ਪਿੰਡ ਭੁੱਚੀ (ਬਸੀ ਪਠਾਣਾਂ), ਜਿਲ੍ਹਾ ਫਤਿਹਗੜ੍ਹ ਦੀਆਂ ਗਲੀਆਂ ਵਿੱਚ ਖੇਡ ਕੇ ਵੱਡਾ ਹੋਏ ਸੁਖਵਿੰਦਰ ਦਾ ਜਨਮ 30 ਅਕਤੂਬਰ 1968 ਨੂੰ ਮਾਂ ਜੋਗਿੰਦਰ ਕੌਰ ਦੀ ਕੁਖੋਂ ਹੋਇਆ. ਆਪਨੇ ਸੱਤਵੀਂ ਵਿੱਚੋਂ ਫੇਲ੍ਹ ਹੋਣ ਕਾਰਣ ਪੜ੍ਹਾਈ ਛੱਡ ਦਿੱਤੀ ਅਤੇ ਘਰੇ ਹੀ ਕੰਮ ਕਾਰ ਕਰਨ ਲੱਗਿਆ, ਅੰਤ ਆਪਣੀ ਜਵਾਨੀ ਦੀ ਉਮਰ ਵਿੱਚ ਪਿਤਾ ਦੀ ਸ਼ਰਾਬ ਪੀਣ ਦੀ ਲਤ ਕਾਰਣ ਘਰ ਛੱਡ ਕੇ ਆਪਣੇ ਗੁਜਾਰੇ ਵਾਸਤੇ ਕਿਸੇ ਬਾਗ਼ ਵਿੱਚ ਚੌਕੀਦਾਰੀ ਦੀ ਨੌਕਰੀ ਕਰਨ ਲੱਗ ਪਿਆ.
ਇਸ ਉਪਰੰਤ ਪਿਤਾ ਗੁਰਮੇਲ ਸਿੰਘ 24 ਜਨਵਰੀ 1991 ਨੂੰ ਉਸ ਸਮੇਂ ਪੰਜਾਬ ਵਿੱਚ ਚੱਲੀ ਫਿਰਕੂ ਹਨੇਰੀ ਦਾ ਸ਼ਿਕਾਰ ਹੋ ਗਏ. ਉਹਨਾਂ ਦੇ ਪਿਤਾ ਦੀ ਅਤਿਵਾਦੀ ਕਾਤਲਾਂ ਹੱਥੋਂ ਹੋਈ ਮੌਤ ਤੋਂ ਬਾਅਦ ਘਰ ਦੇ ਗੁਜਾਰੇ ਵਾਸਤੇ ਮਾਰਚ 1992 ਨੂੰ ਸਰਕਾਰ ਵੱਲੋਂ ਪੰਜਾਬ ਸਟੇਟ ਕੈਮੀਕਲ ਲੈਬ. (Punjab State Chemical Laboratory) ਪਟਿਆਲਾ ਵਿੱਚ ਮਿਲੀ ਨੌਕਰੀ ਕਰਨ ਲੱਗ ਪਿਆ. ਭੈਣ ਤੋਂ ਬਾਅਦ ਘਰ ਵਿੱਚ ਵੱਡਾ ਹੋਣ ਕਾਰਣ ਪਰਿਵਾਰ ਦੀ ਜਿੰਮੇਂਵਾਰੀ ਇਹਨਾਂ ਦੇ ਉੱਪਰ ਆ ਪਈ. ਇਥੇ ਇਹ ਵੀ ਵਰਨਣਯੋਗ ਹੈ ਕਿ ਉਸ ਸਮੇਂ ਸੁਖਵਿੰਦਰ ਪੂਰੇ ਧਾਰਮਿਕ ਖਿਆਲਾਂ ਦਾ ਸੀ ਅਤੇ ਉਸ ਨੇ ਅਮ੍ਰਿਤ ਵੀ ਛੱਕਿਆ ਹੋਇਆ ਸੀ, ਪੂਰਾ ਨਿੱਤਨੇਮੀ ਸੀ.
ਉਸੇ ਸਾਲ ਅਕਤੂਬਰ 1992 ਵਿੱਚ ਸੁਖਵਿੰਦਰ ਦਾ ਵਿਆਹ ਹੋ ਗਿਆ ਅਤੇ ਇਸ ਦੇ ਬਾਅਦ ਆਪ ਪਤਨੀ ਸਮੇਤ ਪਟਿਆਲੇ ਆ ਕੇ ਦਸ਼ਮੇਸ਼ ਨਗਰ ਵਿੱਚ ਰਹਿਣ ਲੱਗ ਪਿਆ. ਇਥੇ ਆ ਕੇ ਰਟਾਇਰਡ ਪ੍ਰਿੰਸੀਪਲ ਫਕੀਰੀਆ ਰਾਮ ਦੇ ਪ੍ਰਭਾਵ ਹੇਠ ਆ ਕੇ ਆਪ ਨੇ ਪੜ੍ਹਾਈ ਦੁਬਾਰਾ ਸ਼ੁਰੂ ਕਰ ਲਈ, ਭਾਵੇਂ ਕਿ ਸ਼ੁਰੂ ਵਿੱਚ ਆਪ ਨੂੰ ਮੁਸ਼ਕਲ ਵੀ ਆਈ ਅਤੇ ਦੋ ਬਾਰ ਦਸਵੀਂ ਦੇ ਪੇਪਰਾਂ ਵਿੱਚ ਅਸਫ਼ਲ ਵੀ ਰਿਹਾ, ਫਿਰ ਵੀ ਪ੍ਰਿੰਸੀਪਲ ਦੇ ਦਿੱਤੇ ਹੋਂਸਲੇ ਕਾਰਣ ਦਸਵੀਂ ਤਾਂ ਪਾਸ ਕੀਤੀ ਹੀ ਉਸ ਤੋਂ ਬਾਅਦ ਗਿਆਨੀ ਅਤੇ ਬੀ. ਏ ਤੱਕ ਪੜ੍ਹਿਆ.
ਤਰਕਸ਼ੀਲ ਸੁਸਾਇਟੀ ਵਿੱਚ ਆਉਂਣ ਤੋਂ ਪਹਿਲਾਂ ਸੁਖਵਿੰਦਰ ਕੱਟੜ ਧਾਰਮਿਕ ਖਿਆਲਾਂ ਦਾ ਅਤੇ ਅੰਧ ਵਿਸ਼ਵਾਸੀ ਵੀ ਸੀ. ਪਰਿਵਾਰਕ ਮੁਸਕਲਾਂ ਖਾਸ਼ ਤੌਰ ਤੇ ਬੱਚਾ ਨਾ ਹੋਣ ਕਾਰਣ ਸਾਧਾਂ ਕੋਲੋਂ ਲੁੱਟ ਦਾ ਸ਼ਿਕਾਰ ਵੀ ਹੋਇਆ. ਇਹ ਕੋਈ 2001 ਦੀ ਗੱਲ ਹੋਵੇਗੀ ਕਿ ਇਕ ਤਰਕਸ਼ੀਲ ਮੇਲੇ ਨੂੰ ਦੇਖ ਕੇ ਇਸ ਦੇ ਮਨ ਤੇ ਇਹ ਅਸਰ ਹੋਇਆ ਕਿ ਮੈਂ ਤਾਂ ਲੁੱਟ ਦਾ ਸ਼ਿਕਾਰ ਬਣਦਾ ਰਿਹਾ ਹਾਂ, ਇਹ ਗੱਲਾਂ ਨਾਟਕ ਨਹੀਂ ਸਗੋਂ ਮੇਰੀ ਜਿੰਦਗੀ ਦੀ ਹਕੀਕਤ ਹੈ. ਉਸ ਤੋਂ ਬਾਅਦ ਸੁਖਵਿੰਦਰ ਨੇ ਤਰਕਸ਼ੀਲ ਕਿਤਾਬਾਂ ਅਤੇ ਮੈਗਜ਼ੀਨ ਖਰੀਦ ਕੇ ਪੜ੍ਹਨੇ ਸ਼ੁਰੂ ਕਰ ਦਿਤੇ. ਤਰਕਸ਼ੀਲ ਸਾਹਿਤ ਪੜ੍ਹ ਕੇ ਉਸ ਦੇ ਵਿਚਾਰਾਂ ਵਿੱਚ ਕ੍ਰਾਂਤੀਕਾਰੀ ਦਬਦੀਲੀ ਆਈ ਅਤੇ ਇਸ ਸਦਕਾ ਉਹ 2002 ਵਿੱਚ ਤਰਕਸ਼ੀਲ ਸੁਸਾਇਟੀ ਦੀ ਇਕਾਈ ਪਟਿਆਲਾ ਦਾ ਰਜਿਸਟਰਡ ਅਤੇ ਸਰਗਰਮ ਮੈਂਬਰ ਬਣ ਗਿਆ. ਤਰਕਸ਼ੀਲ ਬਣਨ ਸਮੇਂ ਉਹ ਅਪਣੀ ਮੁਲਾਜਮ ਜਥੇਬੰਦੀ ਦਾ ਲੋਕਲ ਪੱਧਰ ਦਾ ਆਗੂ ਵੀ ਸੀ, ਪਰ ਤਰਕਸ਼ੀਲਤਾ ਪ੍ਰਤੀ ਖਿੱਚ ਕਾਰਣ ਜਥੇਬੰਦੀ ਦੇ ਅਹੁਦੇ ਤੋਂ ਅਸ਼ਤੀਫਾ ਦੇ ਦਿੱਤਾ. ਹੁਣ ਉਹ ਆਪ ਤਾਂ ਵਹਿਮਾਂ ਭਰਮਾਂ ਤੋਂ ਮੁੱਕਤ ਅਤੇ ਵਿਗਿਆਨਕ ਵਿਚਾਰਧਾਰਾ ਦਾ ਧਾਰਨੀ ਬਣਿਆ ਹੀ ਸਗੋਂ ਹੋਰਨਾਂ ਨੂੰ ਵੀ ਉਹ ਅਖੌਤੀ ਸਾਧਾਂ, ਤਾਂਤਰਿਕਾਂ,ਪਾਖੰਡੀਆ ਅਤੇ ਜੋਤਿਸ਼ੀਆਂ ਆਦਿ ਦੀ ਲੁੱਟ ਤੋਂ ਬਚਾ ਕੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਪ੍ਰਤੀ ਵਿਗਿਆਨਕ ਢੰਗ ਨਾਲ ਹੱਲ ਕਰਨ ਵਾਸਤੇ ਜਾਗਰੁਕ ਕਰਨ ਲੱਗਿਆ. ਇਸ ਵਾਸਤੇ ਉਸ ਨੇ ਤਰਕਸ਼ੀਲ ਸਾਹਿਤ ਨੂੰ ਲੋਕਾਂ ਵਿੱਚ ਲਿਜਾਣਾ ਸ਼ੁਰੂ ਕਰ ਦਿੱਤਾ.
ਇਕਾਈ ਪਟਿਆਲਾ ਦੇ ਇਲਾਵਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਸਰਕਲ ਦੇ ਆਗੂ ਉਸ ਦੇ ਕੰਮ ਦੀ ਤਾਰੀਫ਼ ਕਰਦੇ ਸਨ, ਕਿਉਂਕਿ ਉਸ ਵਰਗਾ ਕੰਮ ਕਰਨ ਦੀ ਬਹੁਤ ਘੱਟ ਆਦਮੀਆਂ ਵਿੱਚ ਸਮਰੱਥਾ ਹੁੰਦੀ ਹੈ. ਸੁਭਾ ਪੱਖੋਂ ਨਰਮ, ਜੇ ਕਰ ਕਿਸੇ ਨਾਲ ਕੰਮ ਕਰਦੇ ਸਮੇਂ ਤਲਖੀ ਵੀ ਹੋ ਜਾਂਦੀ ਤਾਂ ਕੁਝ ਸਮੇਂ ਬਾਅਦ ਹੀ ਨਾਰਮਲ ਹੋ ਜਾਂਦਾ ਅਜਿਹਾ ਜਾਪਦਾ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ. ਸੁਸਾਇਟੀ ਦੀ ਹਰ ਮੀਟਿੰਗ ਵਿੱਚ, ਹਰ ਫੰਕਸਨ ਵਿੱਚ, ਸੈਮੀਨਾਰ ਵਿੱਚ, ਛਿਮਾਹੀ ਇੱਕਤਰਤਾ ਵਿੱਚ ਜਾਂ ਇਜਲਾਸ ਵਿੱਚ ਸੁਖਵਿੰਦਰ ਦੀ ਹਾਜ਼ਰੀ ਲਾਜਮੀਂ ਹੁੰਦੀ ਸੀ. ਜਿਥੋਂ ਉਹ ਪ੍ਰੇਰਨਾ ਲੈ ਕੇ ਆਪਣੇ ਇਸ ਉਦੇਸ ਨੂੰ ਲੈਕੇ ‘ਕਿ ਕਿਤਾਬਾਂ ਇਨਸਾਨ ਦੀਆਂ ਮਿੱਤਰ ਹਨ, ਚੰਗੀਆਂ ਕਿਤਾਬਾਂ, ਅਗਾਂਹਵਧੂ ਸਾਹਿਤ ਅਤੇ ਤਰਕਸ਼ੀਲ ਸਾਹਿਤ ਇਕ ਵਧੀਆ ਸਮਾਜ ਸਿਰਜਣ ਵਿੱਚ ਸਹਾਈ ਹੁੰਦੀਆਂ ਹਨ'. ਉਹ ਹਰ ਛੁੱਟੀ ਵਾਲੇ ਦਿਨ ਜਾਂ ਆਪਣੀ ਡਿਉਟੀ ਤੋਂ ਬਾਆਦ, ਸ਼ੁਰੂ ਵਿੱਚ ਸਾਇਕਲ ਦੁਆਰਾ ਫਿਰ ਮੋਟਰ ਸਾਇਕਲ ਉਸ ਤੋਂ ਬਾਅਦ ਕਾਰ ਲੈਕੇ ਜਾਂ ਬੱਸ ਰਾਹੀਂ ਵੀ ਰੋਜਾਨਾ ਨਵੀਂਆਂ ਥਾਂਵਾਂ ਤੇ ਆਮ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨਾਲ ਸੰਵਾਦ ਰਚਾ ਕੇ ਉਹਨਾਂ ਇਸ ਕਦਰ ਕਾਇਲ ਕਰਦਾ ਸੀ ਕਿ ਲੋਕ ਉਸ ਤੋਂ ਮੈਗਜੀਨ ਜਾਂ ਕਿਤਾਬਾਂ ਖਰੀਦ ਲੈਦੇ. ਉਸ ਦਾ ਕੰਮ ਕੇਵਲ ਪਟਿਆਲਾ ਜਿਲ੍ਹੇ ਵਿੱਚ ਹੀ ਨਹੀਂ ਸੀ ਜੇ ਕਰ ਪੰਜਾਬ ਦੇ ਕਿਸੇ ਹੋਰ ਹਿੱਸੇ ਵਿੱਚ ਵੀ ਗਿਆ ਹੁੰਦਾ ਵੀ ਕਿਤਾਬਾਂ ਅਤੇ ਤਰਕਸ਼ੀਲ ਮੈਗਜ਼ੀਨ ਲੋਕਾਂ ਤੱਕ ਪੁਜਦਾ ਕਰਦਾ ਰਹਿੰਦਾ. ਇਸ ਸਮੇਂ ਦੌਰਾਨ ਉਹ ਪੰਜਾਬ ਹੈਲਥ ਵਿਭਾਗ ਅਧੀਨ ਪਟਿਆਲਾ ਦੇ ਮਾਤਾ ਕੁਸ਼ਲਿਆ ਅਤੇ ਸੰਗਰੂਰ ਦੇ ਸਰਕਾਰੀ ਹੱਸਪਤਾਲ ਵਿੱਚ ਨੌਕਰੀ ਸਮੇਂ ਉਸ ਨੇ ਕਈਆਂ ਨੂੰ ਤਰਕਸ਼ੀਲ ਸਾਹਿਤ ਪੜ੍ਹਾ ਕੇ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਵੀ ਬਣਾਇਆ. ਉਹ ਹਰ ਗ਼ਮੀ ਖੁਸ਼ੀ ਦੇ ਮੌਕੇ, ਸਕੂਲਾਂ ਵਿੱਚ ਤਰਕਸ਼ੀਲ ਪ੍ਰੋਗਰਾਮ ਸਮੇਂ ਜਾਂ ਆਮ ਮੇਲਿਆਂ ਵਿੱਚ ਵੀ ਕਿਤਾਬਾਂ ਦਾ ਸਟਾਲ ਲਾ ਲੈਂਦਾ ਅਤੇ ਕਾਫੀ ਮਾਤਰਾ ਵਿੱਚ ਕਿਤਾਬਾਂ ਵੇਚ ਦਿੰਦਾ. ਉਹ ਕਿਤਾਬਾਂ ਹੀ ਨਹੀਂ ਸੀ ਵੇਚਦਾ ਸਗੋਂ ਇਸ ਦੇ ਨਾਲ ਉਹ ਸੈਮੀਨਾਰਾਂ ਵਿੱਚ ਬੁਲਾਰਿਆਂ ਵੱਲੋਂ ਦਿੱਤੇ ਜਾਂਦੇ ਲੈਕਚਰਾਂ ਦੀਆਂ ਖਾਸ ਗੱਲਾਂ ਨੋਟ ਕਰਦਾ ਅਤੇ ਉਹ ਅੱਗੇ ਲੋਕਾਂ ਨਾਲ ਸਾਂਝੀਆਂ ਕਰਦਾ. ਤਰਕਸ਼ੀਲ ਸੁਸਾਇਟੀ ਵਿੱਚ ਕੰਮ ਕਰਦਿਆਂ ਉਸ ਨੇ ਇਕਾਈ ਦੇ ਜਥੇਬੰਦਕ ਮੁੱਖੀ ਵਜੋਂ ਅਤੇ ਇਕਾਈ ਦੇ ਵਿੱਤ ਮੁੱਖੀ ਦੀ ਜੁਮੇਂਵਾਰੀ ਕਈ ਵਾਰੀ ਨਿਭਾਈ ਪਰ ਫਿਰ ਵੀ ਕਿਸੇ ਅਹੁਦੇ ਪ੍ਰਤੀ ਲਾਲਸਾ ਨਹੀਂ ਦਿਖਾਈ ਭਾਵੇਂ ਕੇ ਉਸਨੂੰ ਜੋਨ ਪੱਧਰ ਤੇ ਵੀ ਕੰਮ ਕਰਨ ਵਾਸਤੇ ਕਿਹਾ ਗਿਆ, ਪਰ ਉਸ ਨੇ ਇਕਾਈਂ ਨੂੰ ਹੀ ਹਮੇਸ਼ਾਂ ਤਰਜੀਹ ਦਿੱਤੀ. ਕਿਤਾਬਾਂ ਅਤੇ ਮੈਗਜ਼ੀਨ ਨੂੰ ਵੱਧ ਤੋ ਵੱਧ ਲੋਕਾਂ ਵਿੱਚ ਪਹੁੰਚਾਣ ਖਾਤਰ ਇਸ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ 2011 ਵਿੱਚ ਸਨਮਾਨਤ ਵੀ ਕੀਤਾ ਗਿਆ.
ਉਸ ਨੇ ਦੂਜਿਆਂ ਦੇ ਨਾਲ ਆਪਣੇ ਪਰਿਵਾਰ ਨੂੰ ਖਾਸ ਕਰਕੇ ਆਪਣੇ ਭਰਾ ਅਤੇ ਮਾਤਾ ਜੋ ਕਿ ਪੰਜ ਕੁ ਜਮਾਤਾਂ ਪਾਸ ਹੈ, ਉਸ ਨੂੰ ਵੀ ਤਰਕਸ਼ੀਲ ਕਿਤਾਬਾਂ ਪੜ੍ਹਾ ਕੇ ਵਹਿਮਾਂ ਭਰਮਾਂ ਤੋਂ ਮੁਕਤ ਕੀਤਾ. ਉਸ ਦਾ ਛੋਟਾ ਭਰਾ ਅਮਰਜੀਤ ਜੋ ਕਿ ਐਮ ਏ ਪਾਸ ਹੈ, ਉਸ ਦੇ ਕੰਮ ਤੋਂ ਜਿਥੇ ਬਹੁਤ ਪ੍ਰਭਾਵਤ ਸੀ, ਉਥੇ ਉਹ ਮਹਿਸੂਸ ਕਰਦਾ ਹੈ ਕਿ ਸਖਵਿੰਦਰ ਵੱਡਾ ਹੋਣ ਕਰਕੇ ਪਿਤਾ ਜਿਹੀ ਜਿਮੇਂਵਾਰੀ ਨਿਭਾ ਹੀ ਰਿਹਾ ਸੀ,ਨਾਲ ਹੀ ਭਰਾ ਦੇ ਨਾਲੋਂ ਵੱਧ ਦੋਸਤ ਵੀ ਸੀ, ਜਿਹੜਾ ਕਿ ਉਸ ਨਾਲ ਹਰ ਤਰ੍ਹਾਂ ਦੀ ਗੱਲਬਾਤ ਖੁਲ੍ਹ ਕੇ ਕਰ ਲੈਂਦਾ ਸੀ. ਸਾਲ 2014 ਦੀ ਆਲਮੀ ਨਾਸਤਿਕ ਕਾਨਫਰੰਸ ਵਿੱਚ ਸਾਡੇ ਨਾਲ ਹੀ ਵਿਜੇਵਾੜਾ ਵਿਖੇ ਵੀ ਗਿਆ, ੳਸ ਸਮੇਂ ਸਖੁਵਿੰਦਰ ਨੇ ਕਈ ਸਾਥੀਆਂ ਨਾਲ ਅਪਣੀ ਸਮੱਸਿਆ ਸਾਂਝੀ ਕੀਤੀ ਕਿ ਉਸ ਨੂੰ ਖਾਣਾ ਖਾਣ ਸਮੇਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਖਾਣਾ ਭੋਜਨ ਵਾਲੀ ਨਾਲੀ ਵਿੱਚ ਫ਼ਸਦਾ ਹੈ, ਪਰ ਉਹ ਜਾਣ ਤੋਂ ਪਹਿਲਾਂ ਆਪਣੇ ਟੈਸਟ ਵਗੈਰਾ ਵੀ ਕਰਾ ਚੁਕਿਆ ਸੀ ਜਿਸ ਦੀ ਰਿਪੋਰਟ ਉਥੋਂ ਵਾਪਸ ਆਉਂਣ ਤੇ ਮਿਲੀ, ਇਸ ਤੋਂ ਹੀ ਪਤਾ ਲੱਗਾ ਕਿ ਸਾਡਾ ਸਾਥੀ ਸੁਖਵਿੰਦਰ ਕੈਂਸਰ ਦਾ ਸ਼ਿਕਾਰ ਹੋ ਗਿਆ. ਇਸ ਦੇ ਬਾਵਜੂਦ ਉਹ ਪੂਰੇ ਹੌਸਲੇ ਅਤੇ ਵਿਸ਼ਵਾਸ ਨਾਲ ਇਲਾਜ ਕਰਾਉਂਣ ਲੱਗਿਆ. ਉਸ ਦਾ ਇਲਾਜ ਪੀ ਜੀ ਆਈ ਚੰਡੀਗੜ੍ਹ ਵਿਖੇ ਹੋਇਆ. ਇਸ ਇਲਾਜ ਤੋਂ ਬਾਅਦ ਉਹ ਕੁਝ ਠੀਕ ਹੋ ਕੇ ਦੁਬਾਰਾ ਸਰਗਰਮੀਆਂ ਵਿੱਚ ਭਾਗ ਲੈਂਣ ਲੱਗ ਪਿਆ. ਇਸ ਸਮੇਂ ਉਸ ਨੇ ਨੌਕਰੀ ਤੋਂ ਅਸਤੀਫਾ ਵੀ ਦੇ ਦਿੱਤਾ ਅਤੇ ਹੁਣ ਉਹ ਆਪ ਆਰਾਮ ਕਰਦਾ ਜਾਂ ਤਰਕਸੀਲ ਸਰਗਰਮੀਆਂ ਵਿੱਚ ਹਿੱਸਾ ਲੈਂਦਾ. ਇਸ ਸਮੇਂ ਉਸ ਦਾ ਇਲਾਜ ਵੀ ਚੱਲਦਾ ਰਿਹਾ ਇਸ ਦੌਰਾਨ ਉਸ ਦੀ ਬਿਮਾਰੀ ਨੇ ਫਿਰ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਜੋ ਕਿ ਅੰਤ, ਇਸ 30 ਅਕਤੂਬਰ ਨੂੰ ਸਾਥੀ ਸੁਖਵਿੰਦਰ ਸਾਥੋਂ ਖੋਹ ਕੇ ਲੈ ਗਈ. ਜਿਥੇ ਸੁਖਵਿੰਦਰ ਨੇ ਜਿਉਂਦੇ ਜੀ ਪੂਰੀ ਲਗਨ ਨਾਲ ਕੰਮ ਕੀਤਾ, ਉਥੇ ਉਸਦੀ 30 ਅਕਤੂਬਰ (ਇਥੇ ਵੀ ਇਹ ਵੀ ਜਿਕਰਯੋਗ ਹੈ ਕਿ 47 ਸਾਲਾ ਸੁਖਵਿੰਦਰ ਸਿੰਘ ਦਾ ਜਨਮ ਦਿਨ ਵੀ 30 ਅਕਤੂਬਰ ਨੂੰ ਹੀ ਸੀ.) ਨੂੰ ਮੌਤ ਉਪਰੰਤ ਉਸ ਦੀ ਇੱਛਾ ਮੁਤਾਬਿਕ ਉਸ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਨੂੰ ਪਰਦਾਨ ਕੀਤਾ ਗਿਆ, ਤਾਂ ਕਿ ਮਰਨ ਤੋਂ ਬਾਆਦ ਵੀ ਉਸ ਦੇ ਸਰੀਰ ਦੀ ਸਹੀ ਵਰਤੋਂ ਹੋ ਸਕੇ ਅਤੇ ਇਸ ਧਾਰਨਾ ਨੂੰ ਤੋੜਿਆ ਕਿ ‘ਤੇਰਾ ਚੰਮ ਨੀ ਕਿਸੇ ਕੰਮ ਆਉਂਣਾ ਪਸੂਆਂ ਦੇ ਹੱਡ ਵਿਕਦੇ.’ ਹੁਣ 22 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਉਸ ਦੀ ਯਾਦ ਵਿੱਚ ਸਰਧਾਂਜਲੀ ਪ੍ਰੋਗਾਰਮ ਤਰਕਸ਼ੀਲ ਹਾਲ, ਬੰਗ ਮੀਡੀਆ ਸੈਂਟਰ, ਜੇਲ਼ ਰੋਡ ਪਟਿਆਲਾ ਵਿਖੇ ਹੋਵੇਗਾ. ਜਿਸ ਵਿੱਚ ਇਲਾਕੇ ਦੇ ਤਰਕਸ਼ੀਲ ਸਾਥੀਆਂ ਦੇ ਇਲਾਵਾ ਸੂਬਾ ਆਗੂ, ਪਰਿਵਾਰਕ ਮੈਬਰ, ਰਿਸ਼ਤੇਦਾਰ ਅਤੇ ਸਨੇਹੀ ਸ਼ਰਧਾਂਜਲੀ ਦੇਣ ਵਾਸਤੇ ਪੁੱਜ ਰਹੇ ਹਨ.
ਵੱਲੋਂ
ਹਰਚੰਦ ਭਿੰਡਰ
E Mail: