ਤਰਕਸ਼ੀਲ ਸੁਸਾਇਟੀ ਪੰਜਾਬ ਦੀ ਦੋ ਰੋਜ਼ਾ ਸੂਬਾਈ ਇਕੱਤਰਤਾ ਹੋਈ ਸੰਪਨ

ਵਿਗਿਆਨਿਕ ਦ੍ਰਿਸ਼ਟੀਕੋਣ ਨਾ ਸਿਰਫ਼ ਦੀ ਰੱਬ ਦੀ ਧਾਰਨਾ ਦਾ ਵਿਰੋਧ ਹੈ ਸਗੋਂ ਸਮਾਜਿਕ ਤੇ ਰਾਜਨੀਤਿਕ ਅਮਲ ਵੀ ਤਹਿ ਕਰਦਾ ਹੈ: ਬੂਟਾ ਸਿੰਘ

ਬਰਨਾਲਾ, 9 ਮਈ (ਪਰਸ਼ੋਤਮ ਬੱਲੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਦੋ ਰੋਜ਼ਾ ਸੂਬਾਈ ਛਿਮਾਹੀ ਇਕੱਤਰਤਾ ਸਥਾਨਕ ਸ਼ਕਤੀ ਕਲਾ ਮੰਦਿਰ ਵਿਖੇ ਆਮ ਲੋਕਾਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਪ੍ਰਸ਼ਾਰ ਹਿੱਤ ਹੋਰ ਪ੍ਰਤੀਬੱਧਤਾ ਅਤੇ ਸਮਰਪਨ ਨਾਲ ਸਰਗਰਮੀ ਦਾ ਸੱਦਾ ਦਿੰਦਿਆਂ ਸੰਪਨ ਹੋਈ. ਇਸ ਦੇ ਪਹਿਲੇ ਦਿਨ ਦੇ ਪਹਿਲੇ ਸ਼ੈਸਨ

ਦੀ ਪ੍ਰਧਾਨਗੀ ਸੁਸਾਇਟੀ ਸੂਬਾ ਮੈਂਬਰ ਸੁਖਵਿੰਦਰ ਬਾਗਪੁਰ, ਹਰਿੰਦਰ ਲਾਲੀ ਤੇ ਚੰਨਣ ਵਾਂਦਰ ਵੱਲੋਂ ਕੀਤੀ ਗਈ. ਜਿਸ ਦੌਰਾਨ ਜਥੇਬੰਦਕ ਮਜ਼ਬੂਤੀ ਸਬੰਧੀ ਵਿਚਾਰ ਚਰਚਾ ਵੀ ਹੋਈ. ਸ਼ੈਸਨ ਦਾ ਮੰਚ ਸੰਚਾਲਨ ਸੂਬਾ ਆਗੂ ਰਜਿੰਦਰ ਭਦੌੜ ਨੇ ਕੀਤਾ. ਦੂਸਰੇ ਸ਼ੈਸਨ ਦੌਰਾਨ ਅਜੌਕੇ ਸਿਆਸੀ ਤੇ ਧਾਰਮਿਕ ਸੰਦਰਭ 'ਚ ਵਿਗਿਆਨਕ ਵਿਚਾਰਧਾਰਾ ਨੂੰ ਦਰਪੇਸ਼ ਚੁਣੌਤੀਆਂ ਤੇ ਚਰਚਾ ਕੇਂਦਰਿਤ ਰਹੀ. ਇਸ ਸ਼ੈਸਨ ਦੀ ਪ੍ਰਧਾਨਗੀ ਸੂਬਾ ਕਮੇਟੀ ਮੈਂਬਰ ਬਲਵਿੰਦਰ ਬਰਨਾਲਾ, ਤਰਲੋਚਨ ਸਮਰਾਲਾ ਅਤੇ ਬਲਵੀਰ ਚੰਦ ਲੌਂਗੋਵਾਲ ਨੇ ਕੀਤੀ. ਇਸ ਸ਼ੈਸਨ ਦਾ ਮੰਚ ਸੰਚਾਲਨ ਹੇਮ ਰਾਜ ਸਟੈਨੋ ਨੇ ਕੀਤਾ.

ਦੋਵਾਂ ਸ਼ੈਸਨਾਂ ਦੇ ਵਿਚਾਰ ਮੰਥਨ ਉਪਰੰਤ ਐਲਾਨੀ ਕਾਰਜ਼ਵਿਉਂਤ ਅਨੁਸਾਰ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਅਲੱਗ-ਅਲੱਗ ਵਿਸ਼ਿਆਂ ਨੂੰ ਲੈ ਕੇ ਬੌਧਿਕ ਵਿਕਾਸ ਹਿੱਤ ਸੈਮੀਨਾਰ ਕਰਵਾਉਣ, ਦ੍ਰਿੜਤਾ ਨਾਲ ਅਧਿਐਨ ਕਰਨ, ਮੈਗਜ਼ੀਨ ‘ਤਰਕਸ਼ੀਲ’ ਦੇ ਚੰਦਿਆਂ ਦੀ ਗਿਣਤੀ  ਵਧਾਉਣ, ਤਰਕਸ਼ੀਲ ਤੇ ਵਿਗਿਆਨਿਕ ਸਾਹਿਤ ਵਧੇਰੇ ਮਾਤਰਾ 'ਚ ਲੋਕਾਂ ਵਿੱਚ ਪਹੁੰਚਾਉਣ, ਹਿੰਦੀ-ਅੰਗਰੇਜ਼ੀ ਵਿੱਚ ਸਾਹਿਤ ਛਾਪਣ, ਔਰਤਾਂ ਦੇ ਤਰਕਸ਼ੀਲ ਗਰੁੱਪ ਸਥਾਪਤ ਕਰਨ, ਪ੍ਰਚਾਰ-ਪ੍ਰਸਾਰ ਲਈ ਸ਼ੋਸਲ ਮੀਡੀਆ ਦੀ ਵੱਧ ਤੋਂ ਵੱਧ ਵਰਤੋਂ ਕਰਨ ਆਦਿ 'ਤੇ ਜ਼ੋਰ ਦਿੱਤਾ. ਤਰਲੋਚਨ ਸਮਰਾਲਾ ਦੀ ਨਿਰਦੇਸ਼ਨਾਂ ਹੇਠ ਤਿਆਰ ਫ਼ਿਲਮ ‘ਸਾੜ੍ਹ ਸਤੀ’ ਲੋਕ ਅਰਪਣ ਕੀਤੀ ਗਈ. ਸੁਸਾਇਟੀ ਦੇ ਕੌਮੀ ਤੇ ਕੌਮਾਂਤਰੀ ਵਿਭਾਗ ਮੁਖੀ ਬਲਵਿੰਦਰ ਬਰਨਾਲਾ ਤੇ ਜ਼ੋਰਾ ਸਿੰਘ ਖਿਆਲੀ ਵੱਲੋਂ 1 ਲੱਖ 5 ਹਜ਼ਾਰ ਰੁਪਏ ਦੀ ਰਾਸ਼ੀ ਹਾਲ ਵਾਸਤੇ ਭੇਂਟ ਕੀਤੀ ਗਈ.

ਇਕੱਤਰਤਾ ਦੇ ਆਖ਼ਰੀ ਸ਼ੈਸਨ ਦੌਰਾਨ ‘‘ਪਦਾਰਥਵਾਦੀ ਫ਼ਲਸਫ਼ਾ ਤੇ ਤਰਕਸ਼ੀਲਤਾ; ਅੱਜ ਦੇ ਸਮੇਂ ਵਿੱਚ ਲੋੜ’ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ. ਜਿਸ ਦੇ ਮੁੱਖ ਬੁਲਾਰੇ ਪ੍ਰਸਿੱਧ ਚਿੰਤਕ ਬੂਟਾ ਸਿੰਘ ਨਵਾਂ ਸ਼ਹਿਰ ਨੇ ਸੰਬੋਧਨ ਦੌਰਾਨ ਵਿਚਾਰਵਾਦੀ ਫ਼ਲਸਫ਼ੇ ਅਤੇ ਵਿਰੋਧਵਿਕਾਸੀ ਪਦਾਰਥਵਾਦੀ ਫ਼ਲਸਫ਼ੇ ਦੇ ਵਖ਼ਰੇਵੇਂ ਸਪੱਸ਼ਟ ਕੀਤੇ ਅਤੇ ਕਿਹਾ ਕਿ ਵਿਗਿਆਨਿਕ ਦ੍ਰਿਸ਼ਟੀਕੋਣ ਸਿਰਫ਼ ਨਾਸਤਿਕਤਾ ਦੀ ਹੀ ਲੜਾਈ ਨਹੀਂ ਸਗੋਂ ਸਮਾਜਿਕ ਤੇ ਰਾਜਨੀਤਿਕ ਅਮਲ ਵੀ ਤਹਿ ਕਰਦਾ ਹੈ. ਜਿਸ ਕਾਰਨ ਵਿਰੋਧਵਿਕਾਸੀ ਪਦਾਰਥਵਾਦ ਨੂੰ ਲੋਕ ਚੇਤਨਾ 'ਚ ਸਥਾਪਿਤ ਕਰਨ ਦੇ ਵੱਡੇ ਸਮਾਜਿਕ ਕਾਜ਼ ਵਜੋਂ ਲੈਣਾ ਚਾਹੀਦਾ ਹੈ. ਬੇਸ਼ੱਕ ਚੁਣੌਤੀਆਂ ਬਹੁਤ ਭਾਰੀ ਤੇ ਖ਼ਤਰਨਾਕ ਹਨ.

ਇਸ ਮੌਕੇ ਸਾਬਕਾ ਜਰਨਲ ਸਕੱਤਰ ਜਸਵੰਤ ਜ਼ੀਰਖ, ਹਰਚੰਦ ਭਿੰਡਰ ਪਟਿਆਲਾ, ਸੁਰਜੀਤ ਦੌਧਰ, ਸੰਦੀਪ ਸਾਹੀਵਾਲ ਭੋਜਾ, ਡਾ. ਜੁਗਿੰਦਰ ਕੁੱਲੇਵਾਲ, ਰਜਵੰਤ ਬਾਗੜੀਆ, ਮੁਖਤਿਆਰ ਸਿੰਘ, ਗੁਰਪ੍ਰੀਤ ਸ਼ਹਿਣਾ, ਜੁਝਾਰ ਲੌਂਗੋਵਾਲ, ਬਲਰਾਜ ਮੌੜ, ਰਾਮ ਸਿੰਘ ਨਿਰਮਾਣ, ਜਰਨੈਲ ਕ੍ਰਾਂਤੀ, ਗੁਰਮੀਤ ਖਰੜ, ਕੁਲਜੀਤ ਡੰਗਰਖੇੜਾ, ਪ੍ਰਵੀਨ ਜੰਡਵਾਲਾ, ਅਵਤਾਰ ਦੀਪ, ਸੁਖਦੇਵ ਫਗਵਾੜਾ, ਜਸਵਿੰਦਰ ਫਗਵਾੜਾ, ਸੁਰਜੀਤ ਟਿੱਬਾ, ਦਲਵੀਰ ਕਟਾਣੀ, ਅੰਮ੍ਰਿਤ ਰਿਸ਼ੀ, ਰਾਜੇਸ਼ ਮਾਨਸਾ, ਸੱਤਪਾਲ ਸਲੋਹ, ਰਾਮ ਕੁਮਾਰ ਪਟਿਆਲਾ, ਚਰਨਜੀਤ ਪਟਵਾਰੀ, ਗਿਆਨ ਸਿੰਘ ਬਠਿੰਡਾ, ਸੁਮੀਤ ਸਿੰਘ, ਸੁਰਿੰਦਰ ਰਾਮਪੁਰਾ, ਜਗਦੇਵ ਮਕਸੂਦੜਾ, ਗਗਨ ਗਰੋਵਰ, ਕੁਲਜੀਤ ਵੇਰਕਾ ਆਦਿ ਨੇ ਵੀ ਵਿਚਾਰ ਪ੍ਰਗਟਾਏ.