ਵਿਗਿਆਨਕ ਚਿੰਤਨ ਅਤੇ ਚੇਤਨਾ ਦਾ ਚਾਨਣ ਖਿਲੇਰ ਗਿਆ ਪੁਸਤਕ ਮੇਲਾ
ਸੁਮੀਤ ਅੰਮ੍ਰਿਤਸਰ
ਲੋਕ-ਪੱਖੀ ਸਿਹਤਮੰਦ ਸਮਾਜ ਅਤੇ ਪੁਸਤਕ ਸੱਭਿਆਚਾਰ ਦੀ ਉਸਾਰੀ ਦੇ ਵਡੇਰੇ ਮਕਸਦ ਨੂੰ ਮੁੱਖ ਰੱਖਦੇ ਹੋਏ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਹਿਲਾ ਤਰਕਸ਼ੀਲ ਪੁਸਤਕ ਮੇਲਾ 21 ਅਗਸਤ ਤੋਂ 23 ਅਗਸਤ ਤੱਕ ਤਰਕਸ਼ੀਲ ਭਵਨ ਬਰਨਾਲੇ ਵਿਖੇ ਲਗਾਇਆ ਗਿਆ। ਇਹ ਪੁਸਤਕ ਮੇਲਾ ਮਹਾਂਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧਸ਼ਰਧਾ ਨਿਰਮੂਲਨ
ਸੰਮਤੀ ਦੇ ਸੰਸਥਾਪਕ ਅਤੇ ਚਿੰਤਕ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਤਿੰਨ ਰੋਜ਼ਾ ਪੁਸਤਕ ਮੇਲੇ ਦਾ ਉਦਘਾਟਨ ਆਸਟ੍ਰੇਲੀਆ ਦੇ ਤਰਕਸ਼ੀਲ ਚਿੰਤਕ ਮਨਜੀਤ ਬੋਪਾਰਾਏ ਵੱਲੋਂ ਕੀਤਾ ਗਿਆ।
ਇਸ ਪੁਸਤਕ ਮੇਲੇ ਦੇ ਪਹਿਲੇ ਸੈਸ਼ਨ ਵਿੱਚ ਆਨਲਾਈਨ ਸੰਬੋਧਿਤ ਹੁੰਦੇ ਹੋਏ ਡਾ.ਮੁਕਤਾ ਦਾਭੋਲਕਰ ਨੇ ਦੱਸਿਆ ਕਿ ਡਾ.ਨਰਿੰਦਰ ਦਾਭੋਲਕਰ ਨੇ ਮਹਾਂਰਾਸ਼ਟਰ ਵਿੱਚ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੀ ਸਥਾਪਨਾ ਕਰਕੇ ਅੰਧ ਵਿਸ਼ਵਾਸ਼ਾਂ, ਜਾਤ ਪਾਤ, ਨਸ਼ਿਆਂ, ਮੂਰਤੀ ਵਿਸਰਜਨ ਵਿਰੁੱਧ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਧਾਰਮਿਕ ਆਸਥਾ ਦੀ ਆੜ ਹੇਠ ਵੱਧ ਰਹੇ ਅੰਧਵਿਸ਼ਵਾਸ਼ਾਂ, ਪਾਖੰਡਵਾਦ ਅਤੇ ਰੂੜ੍ਹੀਵਾਦ ਵਿਰੁੱਧ ਆਮ ਲੋਕਾਂ ਨੂੰ ਵਿਗਿਆਨਕ ਚੇਤਨਾ ਰਾਹੀਂ ਜਾਗਰੂਕ ਕੀਤਾ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਫ਼ਿਰਕੂ ਤਾਕਤਾਂ ਵੱਲੋਂ ਵਿਗਿਆਨਕ ਵਿਚਾਰਧਾਰਾ ਉਤੇ ਕੀਤੇ ਜਾ ਰਹੇ ਹਮਲਿਆਂ ਅਤੇ ਚੁਣੌਤੀਆਂ ਦਾ ਟਾਕਰਾ ਜਮਹੂਰੀ ਅਤੇ ਤਰਕਸ਼ੀਲ ਸੰਸਥਾਵਾਂ ਵੱਲੋਂ ਇਕਜੁੱਟ ਹੋ ਕੇ ਹੀ ਕੀਤਾ ਜਾ ਸਕਦਾ ਹੈ।
ਅਗਲੇ ਸੈਸ਼ਨ ਵਿੱਚ “ਸਾਡਾ ਡਾਕਟਰ” ਗਰੁੱਪ ਦੇ ਐਡਮਿਨ ਡਾ. ਅੰਮ੍ਰਿਤ ਪਾਲ, ਡਾ. ਜਗਰੂਪ ਸਿੰਘ, ਡਾ. ਜਸ਼ਨਪ੍ਰੀਤ ਅਤੇ ਡਾ. ਸਮਰੀਨ ਦੇ ਪੈਨਲ ਵੱਲੋਂ ‘ਆਮ ਬਿਮਾਰੀਆਂ ਨਾਲ ਜੁੜੇ ਮਿੱਥ ਅਤੇ ਉਨ੍ਹਾਂ ਦਾ ਵਿਗਿਆਨਕ ਸੱਚ’ ਵਿਸ਼ੇ ਬਾਰੇ ਵਿਸਥਾਰ ਵਿੱਚ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਪੁਰਾਤਨ ਟੂਣੇ ਟੋਟਕਿਆਂ ਅਤੇ ਧਾਗੇ ਤਵੀਤਾਂ ਦੀਆਂ ਮਿੱਥਾਂ ਵਿਰੁੱਧ ਲੋਕਾਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨੀ ਬਹੁਤ ਜਰੂਰੀ ਹੈ। ਇਸ ਮੌਕੇ ਉਨ੍ਹਾਂ ਦੇ ਟੀਮ ਮੈਂਬਰ ਡਾ. ਮਨਦੀਪ ਬਾਤਿਸ਼, ਡਾ. ਸੰਦੀਪ ਸਿੰਘ ਅਤੇ ਡਾ. ਸੰਜੇ ਭਾਟੀਆ ਵੀ ਹਾਜ਼ਰ ਸਨ।
22 ਅਗਸਤ ਨੂੰ ਪਹਿਲੇ ਸੈਸ਼ਨ ਵਿੱਚ ‘ਪੰਜਾਬੀ ਸਾਹਿਤ ਅਤੇ ਵਿਗਿਆਨਕ ਚੇਤਨਾ’ ਵਿਸ਼ੇ ਦੇ ਮੁੱਖ ਬੁਲਾਰੇ ਡਾ. ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਵਿਗਿਆਨਕ ਚੇਤਨਾ ਨਾਲ ਭਰਿਆ ਪਿਆ ਹੈ ਇਸ ਦੇ ਮੁਕਾਬਲੇ ਗੈਰ-ਵਿਗਿਆਨਕ ਵਿਚਾਰਾਂ ਦਾ ਪੰਜਾਬੀ ਸਾਹਿਤ ਵਿੱਚ ਥਾਂ ਬਹੁਤ ਨਿਗੂਣਾ ਹੈ ਪਰ ਇਹ ਵਿਚਾਰ ਧਾਰਮਿਕ ਇਕੱਠਾਂ ਵਿੱਚ ਬੋਲ ਕੇ ਵੱਧ ਪ੍ਰਚਾਰੇ ਜਾਂਦੇ ਹਨ।
ਦੂਜੇ ਸੈਸ਼ਨ ਦੌਰਾਨ ਮਰਹੂਮ ਪੱਤਰਕਾਰ ਗੌਰੀ ਲੰਕੇਸ਼ ਨੂੰ ਸਮਰਪਿਤ ਸੈਮੀਨਾਰ ਵਿੱਚ ਪੱਤਰਕਾਰ ਸ਼ਿਵਇੰਦਰ ਦੀ ਸੰਚਾਲਨਾ ਹੇਠ ਲੋਕ ਪੱਖੀ ਨਿਧੜਕ ਪੱਤਰਕਾਰਾਂ
ਜਤਿੰਦਰ ਕੌਰ ਤੁੜ, ਨੇਹਾ ਦੀਕਸ਼ਿਤ ਅਤੇ ਅੰਸ਼ੁਲ ਛਤਰਪਤੀ ਦੇ ਮੀਡੀਆ ਪੈਨਲ ਵੱਲੋਂ ‘ਮੀਡੀਆ ਅਤੇ ਫਿਰਕਾਪ੍ਰਸਤੀ’ ਸੰਬੰਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਚਰਚਾ ਦੌਰਾਨ ਇਹ ਰਾਏ ਮੁੱਖ ਰੂਪ ਵਿੱਚ ਸਾਹਮਣੇ ਆਈ ਕਿ ਮੀਡੀਏ ਦਾ ਵੱਡਾ ਹਿੱਸਾ ਆਪਣੇ ਵਪਾਰਕ ਹਿੱਤਾਂ ਲਈ ਕਾਰਪੋਰੇਟ ਘਰਾਣਿਆਂ, ਸੱਤਾਧਾਰੀ ਜਮਾਤਾਂ ਦੀ ਸੇਵਾ ਵਿੱਚ ਫ਼ਿਰਕੂ ਮੁੱਦਿਆਂ ਨੂੰ ਉਭਾਰ ਕੇ ਨਾਂਹ ਪੱਖੀ ਭੂਮਿਕਾ ਨਿਭਾ ਰਿਹਾ ਹੈ ਅਤੇ ਆਮ ਲੋਕਾਂ ਦੇ ਮੁੱਦਿਆਂ ਨੂੰ ਬਿਲਕੁਲ ਵਿਸਾਰ ਕੇ ਆਪਣੀ ਭਰੋਸੇਯੋਗਤਾ ਗੰਵਾ ਚੁੱਕਾ ਹੈ। ਬਠਿੰਡਾ ਤੋਂ ਚਿਤਰਕਾਰ ਕੇਵਲ ਜੀਦਾ ਨੇ ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਚਿੱਤਰ ਉਨ੍ਹਾਂ ਦੇ ਬੇਟੇ ਅੰਸ਼ੁਲ ਛਤਰਪਤੀ ਨੂੰ ਭੇਂਟ ਕੀਤਾ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਇੱਕ ਪੇਂਟਿੰਗ ਤਰਕਸ਼ੀਲ ਭਵਨ ਨੂੰ ਵੀ ਭੇਂਟ ਕੀਤੀ।
ਤੀਜੇ ਸੈਸ਼ਨ ‘ਨੌਜਵਾਨ ਪੀੜੀ ਦਾ ਪ੍ਰਵਾਸ ਅਤੇ ਮਾਪਿਆਂ ਦਾ ਸੰਕਟ’ ਵਿੱਚ ਪ੍ਰਗਤੀਸ਼ੀਲ ਵਿਦਵਾਨ ਡਾ. ਕੁਲਦੀਪ ਦੀਪ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਬੇਬਸੀ ਵਿੱਚ ਕੀਤੇ ਜਾਂਦੇ ਪ੍ਰਵਾਸ ਲਈ ਮੁੱਖ ਤੌਰ ‘ਤੇ ਭਾਰਤੀ ਹਕੂਮਤ ਵੱਲੋਂ ਲਾਗੂ ਕੀਤੀਆਂ ਨਿੱਜੀਕਰਨ ਦੀਆਂ ਨੀਤੀਆਂ ਜ਼ਿੰਮੇਵਾਰ ਹਨ ਪਰ ਸਾਨੂੰ ਅਜਿਹੇ ਪ੍ਰਵਾਸ ਕਰਨ ਦੀ ਥਾਂ ਮੌਜੂਦਾ ਲੋਕ ਵਿਰੋਧੀ ਰਾਜ ਪ੍ਰਬੰਧ ਨੂੰ ਬਦਲਣ ਲਈ ਹਕੂਮਤਾਂ ਉਤੇ ਜੱਥੇਬੰਦਕ ਜਨਤਕ ਦਬਾਅ ਪਾਉਣਾ ਚਾਹੀਦਾ ਹੈ। ਪ੍ਰੋ. ਚਰਨਜੀਤ ਕੌਰ ਨੇ ਕਿਹਾ ਕਿ ਇਹ ਸਾਡੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਬੱਚਿਆਂ ਦੇ ਪ੍ਰਵਾਸ ਨੇ ਮਾਪਿਆਂ ਲਈ ਇਕੱਲਤਾ, ਉਦਾਸੀ, ਬਿਮਾਰੀ ਅਤੇ ਅਸੁਰੱਖਿਆ ਦਾ ਬਹੁਤ ਵੱਡਾ ਸੰਕਟ ਖੜਾ ਕੀਤਾ ਹੈ।
ਮੇਲੇ ਦੇ ਆਖਰੀ ਦਿਨ ਉੱਘੇ ਵਿਗਿਆਨੀ ਤੇ ਸ਼ਾਇਰ ਡਾ. ਗੌਹਰ ਰਜ਼ਾ ਨੇ ‘ਮੌਜੂਦਾ ਦੌਰ ਵਿੱਚ ਵਿਗਿਆਨਕ ਸੋਚ ਅੱਗੇ ਚੁਣੌਤੀਆਂ ਅਤੇ ਸਾਡੇ ਕਾਰਜ ’ ਵਿਸ਼ੇ ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਦੇ ਮੌਜੂਦਾ ਹਾਕਮਾਂ ਨੇ ਦੇਸ਼ ਦੀਆਂ ਵਿਗਿਆਨਕ ਖੋਜ ਸੰਸਥਾਵਾਂ ਤੋ ਮਥਿਹਾਸ ਨੂੰ ਸੱਚ ਬਣਾਉਣ ਲਈ ਨਤੀਜਿਆਂ ਨੂੰ ਅੱਗੇ ਰੱਖ ਕੇ ਖੋਜਾਂ ਕਰਵਾਉਣੀਆਂ ਸ਼ੁਰੂ ਕੀਤੀਆਂ ਹਨ, ਜਿਸ ਦਾ ਕੋਈ ਲਾਭ ਦੀ ਥਾਂ ਨੁਕਸਾਨ ਹੀ ਹੋ ਰਿਹਾ ਹੈ । ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਡੇਰਾਵਾਦ, ਬਾਬਾਵਾਦ ਵਧ ਰਿਹਾ ਹੈ ਜਿਸ ਨੂੰ ਤਰਕਸ਼ੀਲ ਵਿਚਾਰਧਾਰਾ ਨਾਲ ਹੀ ਚਣੌਤੀ ਦਿੱਤੀ ਦਿੱਤੀ ਜਾ ਸਕਦੀ ਹੈ। ਇਸ ਪੁਸਤਕ ਮੇਲੇ ਦੀ ਸ਼ਲਾਘਾ ਉਨ੍ਹਾਂ ਕਰਦਿਆਂ ਆਖਿਆ ਕਿ ਲੋਕ ਪੱਖੀ ਸਾਹਿਤ ਦਾ ਸਮਾਜ ਨੂੰ ਬਦਲਣ ਵਿੱਚ ਅਹਿਮ ਰੋਲ ਰਿਹਾ ਹੈ ਅਤੇ ਤਰਕਸ਼ੀਲ ਸੁਸਾਇਟੀ ਆਪਣੇ ਸੀਮਤ ਸਾਧਨਾਂ ਅਤੇ ਫ਼ਿਰਕੂ ਤਾਕਤਾਂ ਦੇ ਹਮਲਿਆਂ ਦੇ ਬਾਵਜੂਦ ਸਮਾਜ ਵਿੱਚ ਵਿਗਿਆਨਕ ਚੇਤਨਾ ਦਾ ਚਾਨਣ ਲਗਾਤਾਰ ਫੈਲਾਅ ਰਹੀ ਹੈ।
ਮੇਲੇ ਦੌਰਾਨ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ ਅਤੇ ‘ਅੰਧ ਵਿਸ਼ਵਾਸ਼ ਅਤੇ ਸਮਾਜ’ ਵਿਸ਼ੇ ਉਤੇ ਪੋਸਟਰ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਤਰਕਸ਼ੀਲ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਤਰਕਸ਼ੀਲ ਲਹਿਰ ’ਤੇ ਲਿਖੀ ਕੰਵਲ ਢਿੱਲੋਂ ਕਿਤਾਬ ਅਤੇ ਬੂਟਾ ਸਿੰਘ ਮਹਿਮੂਦਪੁਰ ਦੀ ਮਨੁੱਖੀ ਅਧਿਕਾਰਾਂ ਬਾਰੇ ਅਨੁਵਾਦਤ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਸਮਾਰੋਹ ਵਿੱਚ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਨਾਟਕਕਾਰ ਕੀਰਤੀ ਕ੍ਰਿਪਾਲ ਦੀ ਨਿਰਦੇਸ਼ਨਾ ਵਿੱਚ ਨਾਟਿਅਮ ਪੰਜਾਬ ਵੱਲੋਂ ਨਾਟਕ ‘ਸੁਕਰਾਤ’ ਅਤੇ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ‘ ਠੱਗੀ ’ ਨਾਟਕਾਂ ਦਾ ਸਫਲ ਮੰਚਨ ਕੀਤਾ ਗਿਆ। ਆਖਰੀ ਦਿਨ ਦੇ ਪਹਿਲੇ ਸੈਸ਼ਨ ਵਿੱਚ ਸਭ ਤੋਂ ਪਹਿਲਾਂ ਉੱਘੇ ਲੋਕ-ਪੱਖੀ ਗਾਇਕ ਧਰਮਿੰਦਰ ਮਸਾਣੀ ਨੇ ਅਵਤਾਰ ਪਾਸ਼,
ਸੰਤ ਰਾਮ ਉਦਾਸੀ, ਮਹਿੰਦਰ ਸਾਥੀ ਅਤੇ ਅਮੋਲਕ ਸਿੰਘ ਦੇ ਲਿਖੇ ਗੀਤਾਂ ਨੂੰ ਆਪਣੀ ਬੁਲੰਦ ਆਵਾਜ਼ ਵਿੱਚ ਗਾ ਕੇ ਮਾਹੌਲ ਨੂੰ ਇਨਕਲਾਬੀ ਰੰਗ ਵਿੱਚ ਰੰਗਿਆ ਅਤੇ ਵੱਖ ਵੱਖ ਸੈਮੀਨਾਰਾਂ ਦੌਰਾਨ ਅਜਮੇਰ ਅਕਲੀਆ, ਕਸਤੂਰੀ ਲਾਲ, ਇਕਬਾਲ ਕੌਰ ਉਦਾਸੀ, ਅਮੀਸ਼ ਬਾਗਪੁਰ ਆਦਿ ਨੇ ਇਨਕਲਾਬੀ ਗੀਤਾਂ ਅਤੇ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਝੰਜੋੜਿਆ।
ਸਮਾਰੋਹ ਵਿੱਚ ਪਾਸ ਕੀਤੇ ਇਕ ਮਤੇ ਰਾਹੀਂ ਡਾ. ਨਰਿੰਦਰ ਦਾਭੋਲਕਰ ਦੇ ਕਾਤਲ ਸਚਿਨ ਅੰਧੂਰੇ ਦੀ ਸਜ਼ਾ ਮੁਅੱਤਲ ਕਰਨ ਅਤੇ ਜ਼ਮਾਨਤ ਦੇਣ ਦੇ ਫੈਸਲੇ ਨੂੰ ਰੱਦ ਕਰਨ ਅਤੇ ਇਸ ਕਤਲ ਕਾਂਡ ਦੇ ਮੁੱਖ ਸਾਜਿਸ਼ ਘਾੜੇ ਵਰਿੰਦਰ ਤਾਵੜੇ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਲਾਗੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਤਿੰਨ ਰੋਜ਼ਾ ਪੁਸਤਕ ਮੇਲੇ ਵਿੱਚ ਗਏ ਸਟਾਲਾਂ ਤੋਂ ਪਾਠਕਾਂ ਵੱਲੋਂ ਲੱਗਭਗ ਚਾਰ ਲੱਖ ਰੁਪਏ ਦੇ ਸਾਹਿਤ ਦੀ ਖਰੀਦ ਕੀਤੀ ਗਈ। ਅਖੀਰ ਵਿੱਚ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਪੁਸਤਕ ਮੇਲੇ ਦੀ ਸਫ਼ਲਤਾ ਲਈ ਆਏ ਹੋਏ ਵਿਦਵਾਨਾਂ, ਮਹਿਮਾਨਾਂ, ਸਰੋਤਿਆਂ, ਸਾਹਿਤਕ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਪੱਤਰਕਾਰਾਂ ਦੀ ਸ਼ਮੂਲੀਅਤ ਅਤੇ ਮਿਲੇ ਵਿੱਤੀ ਸਹਿਯੋਗ ਦਾ ਧੰਨਵਾਦ ਕਰਦਿਆਂ ਹਰ ਸਾਲ ਇਹ ਪੁਸਤਕ ਮੇਲਾ ਲਗਾਉਣ ਦਾ ਭਰੋਸਾ ਦਿੱਤਾ। ਪੁਸਤਕ ਮੇਲੇ ਦੇ ਸੁਚਾਰੂ ਪ੍ਰਬੰਧਾਂ ਦੀ ਸਮੁੱਚੀ ਜ਼ਿੰਮੇਵਾਰੀ ਪ੍ਰਬੰਧਕੀ ਟੀਮ ਦੇ ਮੈਂਬਰ ਗੁਰਪ੍ਰੀਤ ਸ਼ਹਿਣਾ, ਬਿੰਦਰ ਧਨੌਲਾ, ਦੀਪ ਦਿਲਬਰ, ਅਮਿਤ ਮਿੱਤਰ, ਵਰਿੰਦਰ ਦੀਵਾਨਾ, ਰਾਜੇਸ਼ ਅਕਲੀਆ, ਖੁਸ਼ਵੰਤ ਬਰਗਾੜੀ, ਜਰਨੈਲ ਧੌਲਾ, ਪਰਮਜੀਤ ਕੌਰ ਜੋਧਪੁਰ ਅਤੇ ਸੰਦੀਪ ਕੁਮਾਰ ਵੱਲੋਂ ਬਹੁਤ ਵਧੀਆ ਨਿਭਾਈ ਗਈ। ਵਰਿੰਦਰ ਦੀਵਾਨਾ ਵੱਲੋਂ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਜੋਰਦਾਰ ਪ੍ਰਚਾਰ ਮੁਹਿੰਮ ਨੇ ਇਸ ਮੇਲੇ ਦਾ ਸੁਨੇਹਾ ਦੂਰ ਦੂਰ ਤੱਕ ਪਹੁੰਚਾਉਣ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਪਾਇਆ।

